ਅੰਮ੍ਰਿਤਸਰ, 3 ਦਿਸੰਬਰ 2024 (ਦੀ ਪੰਜਾਬ ਵਾਇਰ) ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਦੇ ਬਾਹਰ ਸੇਵਾਦਾਰਾਂ ਵਾਲੇ ਕੱਪੜੇ ਪਹਿਨ ਕੇ ਬਰਛਾ ਫੜ ਕੇ ਸੇਵਾ ਕੀਤੀ। ਉਨ੍ਹਾਂ ਆਪਣੇ ਗਲੇ ਵਿੱਚ ਤਖਤੀ ਵੀ ਪਾਈ ਹੋਈ ਸੀ। ਉਨ੍ਹਾਂ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਨੇ ਵੀ ਸੇਵਾ ਕੀਤੀ, ਜਦੋਂ ਕਿ ਬਿਕਰਮ ਸਿੰਘ ਮਜੀਠੀਆ ਨੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਨਿਭਾਈ।
ਗੇਟ ‘ਤੇ ਸੇਵਾ ਕਰਨ ਤੋਂ ਬਾਅਦ ਸੁਖਬੀਰ ਬਾਦਲ ਕੀਰਤਨ ਸੁਣਦੇ ਹੋਏ ਨਜ਼ਰ ਆਏ। ਅਗੇ ਉਹ ਜੂਠੇ ਬਰਤਨ ਸਾਫ਼ ਕਰਨ ਅਤੇ ਜੁੱਤਿਆਂ ਦੀ ਸੇਵਾ ਵੀ ਕਰਨਗੇ।
ਸੁਖਬੀਰ ਬਾਦਲ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਟਾਇਲਟ ਸਾਫ਼ ਕਰਨ ਦੀ ਸਜ਼ਾ ਵੀ ਦਿੱਤੀ ਗਈ ਸੀ। ਹਾਲਾਂਕਿ, ਪੈਰ ‘ਚ ਫ੍ਰੈਕਚਰ ਹੋਣ ਕਰਕੇ ਉਨ੍ਹਾਂ ਨੂੰ ਇਸ ਸੇਵਾ ਤੋਂ ਛੂਟ ਦਿੱਤੀ ਗਈ। ਇਸ ਸਜ਼ਾ ਤਹਿਤ ਅਕਾਲੀ ਦਲ ਦੇ ਬਾਗੀ ਗੁੱਟ ਦੇ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੂਰਵ ਸਰਕਾਰ ਦੇ ਹੋਰ ਮੰਤਰੀ ਦੁਪਹਿਰ 12 ਵਜੇ ਤੋਂ ਬਾਅਦ ਟਾਇਲਟ ਸਾਫ਼ ਕਰਨਗੇ।
ਰਾਮ ਰਹੀਮ ਨੂੰ ਮਾਫੀ ਦੇਣ ਦਾ ਮਾਮਲਾ:
ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ‘ਚ ਸੁਖਬੀਰ ਬਾਦਲ ਅਤੇ ਹੋਰਾਂ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਅਤੇ ਉਸ ਦੇ ਕੇਸ ਵਾਪਸ ਲੈਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ।