ਸਿੱਖਿਆ ਪੰਜਾਬ

ਹੁਣ ਸਰਕਾਰੀ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣੇ: ਹਰਦੀਪ ਸਿੰਘ ਮੁੰਡੀਆ

ਹੁਣ ਸਰਕਾਰੀ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣੇ: ਹਰਦੀਪ ਸਿੰਘ ਮੁੰਡੀਆ
  • PublishedOctober 22, 2024

ਕੈਬਨਿਟ ਮੰਤਰੀ ਮੁੰਡੀਆ ਨੇ ਸਕੂਲ ਆਫ਼ ਐਮੀਨੈਂਸ ਡੇਰਾਬਸੀ ਵਿਖੇ ਮਾਪੇ/ਅਧਿਆਪਕ ਮਿਲਣੀ ਵਿੱਚ ਕੀਤੀ ਸ਼ਿਰਕਤ

ਸਕੂਲ ਆਫ਼ ਐਮੀਨੈਂਸ ਦੇ ਰੂਪ ਵਿੱਚ ਸਰਕਾਰ ਵੱਲੋਂ ਡੇਰਾਬਸੀ ਹਲਕੇ ਨੂੰ ਮਿਲਿਆ ਹੈ ਅਨਮੋਲ ਤੋਹਫਾ: ਵਿਧਾਇਕ ਰੰਧਾਵਾ

ਡੇਰਾਬਸੀ, 22 ਅਕਤੂਬਰ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦੇਣ ਅਤੇ ਪਿਛਲੇ ਢਾਈ ਸਾਲਾਂ ਵਿੱਚ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਨਾਲ ਹੁਣ ਸਰਕਾਰੀ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣ ਗਏ। ਇਹ ਗੱਲ ਮਾਲ ਤੇ ਮੁੜ ਵਸੇਬਾ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ ਹਰਦੀਪ ਸਿੰਘ ਮੁੰਡੀਆ ਨੇ ਸਕੂਲ ਆਫ਼ ਐਮੀਨੈਂਸ ਡੇਰਾਬਸੀ ਵਿਖੇ ਮਾਪੇ/ਅਧਿਆਪਕ ਮਿਲਣੀ ਦੌਰਾਨ ਕਹੀ।

ਕੈਬਨਿਟ ਮੰਤਰੀ ਸ ਮੁੰਡੀਆ ਨੇ ਕਿਹਾ ਕਿ ਸਰਕਾਰ ਵੱਲੋਂ ਅੱਜ ਸੂਬੇ ਭਰ ਦੇ 20000 ਸਰਕਾਰੀ ਸਕੂਲਾਂ ਵਿੱਚ ਤੀਜੀ ਮਾਪੇ/ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।ਇਸ ਪ੍ਰੋਗਰਾਮ ਵਿੱਚ ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਮੋਹਤਬਰ ਵਿਅਕਤੀ ਮਿਲ ਬੈਠ ਕੇ ਸਕੂਲ ਸਿੱਖਿਆ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਵਾਸਤੇ ਵਿਚਾਰ ਕਰ ਰਹੇ ਹਨ। ਸਤੰਬਰ ਮਹੀਨੇ ਵਿੱਚ ਲਏ ਗਏ ਪੇਪਰਾਂ ਦਾ ਨਤੀਜਾ ਵੀ ਮਾਪਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।ਇਸ ਵਿਚ ਅਧਿਆਪਕ ਤੇ ਮਾਪੇ ਬੱਚਿਆਂ ਬਾਰੇ ਫੀਡਬੈਕ ਹਾਸਲ ਕਰ ਰਹੇ ਹਨ। ਭਵਿੱਖ ਬਾਰੇ ਸੁਝਾਅ ਵੀ ਦੇਣ ਤੇ ਜੇ ਕੋਈ ਸ਼ਿਕਵੇ-ਸ਼ਿਕਾਇਤਾਂ ਹਨ ਉਹ ਵੀ ਸਾਂਝੇ ਕਰਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਖੁਦ ਨੰਗਲ ਵਿਖੇ ਇਸ ਮਿਲਣੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਣਾਉਣ ਲਈ ਕਈ ਉਪਰਾਲੇ ਸ਼ੁਰੂ ਕੀਤੇ ਗਏ ਹਨ ਜਿਹਨਾਂ ਵਿੱਚ ਕੈਂਪਸ ਬਣਾਉਣ, ਸਕਿਊਰਟੀ ਗਾਰਡ, ਕਲਾਸ ਰੂਮ, ਲੈਬਸ, ਗਰਾਂਊਂਡ, ਟਰਾਂਸਪੋਰਟ ਸਰਵਿਸ, ਸਕੂਲ ਆਫ਼ ਐਮੀਨੈਸ, ਵਿਦਿਆਰਥੀਆਂ ਦੀ ਵਰਦੀ ਆਦਿ ਸ਼ਾਮਲ ਹਨ।

ਸ ਮੁੰਡੀਆ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੈਡੀਕਲ ਤੇ ਕਾਮਰਸ ਦੇ ਕਲਾਸ ਰੂਮ ਵਿੱਚ ਜਾ ਕੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਵਿਦਿਆਰਥਣ ਅਨਾਮਿਕਾ ਤੇ ਅੰਜਲੀ ਅਤੇ ਮਾਪਿਆਂ ਵਿੱਚੋਂ ਸੁਧੀਰ ਕੁਮਾਰ ਤੇ ਬਬੀਤਾ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਮਿਲਣੀ ਨਾਲ ਮਾਪਿਆਂ ਨੂੰ ਅਧਿਆਪਕ ਨਾਲ ਸਿੱਧਾ ਰਾਬਤਾ ਕਾਇਮ ਕਰਨ ਵਿੱਚ ਮੱਦਦ ਮਿਲੇਗੀ।

ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਖੁਦ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਹਨ ਅਤੇ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਸਕੂਲ ਆਫ ਐਮੀਂਨੈਂਸ ਬਣਾ ਦਿੱਤਾ ਹੈ ਜੋ ਹਲਕੇ ਲਈ ਤੋਹਫ਼ਾ ਹੈ। ਇੱਥੇ 1260 ਵਿਦਿਆਰਥੀ ਪੜ੍ਹਦੇ ਹਨ ਅਤੇ ਸਾਇੰਸ, ਕਾਮਰਸ, ਵੋਕੇਸ਼ਨਲ ਤੇ ਆਰਟਸ ਸਭ ਵਿਸ਼ੇ ਪੜ੍ਹਾਏ ਜਾਂਦੇ ਹਨ।ਐਮੀਨੈਂਸ ਵਿੱਚ 217 ਵਿਦਿਆਰਥੀ ਹਨ ਤੇ 41 ਬੱਚੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਬੱਸ ਰਾਹੀਂ ਆਉਂਦੇ ਹਨ।

ਇਸ ਮੌਕੇ ਵਿਦਿਆਰਥੀ ਹਰਮਨਜੋਤ ਸਿੰਘ ਨੇ ਆਪਣੇ ਹੱਥੀਂ ਬਣਾਈ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਅਤੇ ਸਾਇੰਸ ਦੀ ਵਿਦਿਆਰਥਣ ਤਮੰਨਾ ਵੱਲੋਂ ਕੈਬਨਿਟ ਮੰਤਰੀ ਸ ਮੁੰਡੀਆ ਦੀ ਬਣਾਈ ਤਸਵੀਰ ਵੀ ਭੇਂਟ ਕੀਤੀ ਗਈ।

ਸਕੂਲ਼ ਵਿੱਚ ਇੱਕ ਸੈਲ਼ਫੀ ਪੁਆਇੰਟ ਵੀ ਬਣਾਇਆ ਗਿਆ ਜਿੱਥੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਨੇ ਤਸਵੀਰ ਵੀ ਖਿਚਵਾਈ।

ਸਕੂਲ ਦੀ ਪ੍ਰਿੰਸੀਪਲ ਅਲਕਾ ਮੌਂਗਾ ਨੇ ਸਕੂਲ ਅੰਦਰ ਵਿਦਿਆਰਥੀਆਂ ਵੱਲੋਂ ਆਪਣੇ ਹੱਥੀਂ ਤਿਆਰ ਵਸਤਾਂ ਦੀ ਪ੍ਰਦਰਸ਼ਨੀ ਕੈਬਨਿਟ ਮੰਤਰੀ ਨੂੰ ਦਿਖਾਉਂਦਿਆਂ ਦੱਸਿਆ ਕਿ ਵਿਦਿਆਰਥੀ ਸਹਿ ਵਿੱਦਿਅਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

Written By
The Punjab Wire