ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਅਤੇ ਮਹਿਲਾਂ ਵਿਖੇ ਮੈਗਾ ਪੀਟੀਐਮ ਵਿੱਚ ਸ਼ਿਰਕਤ
ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਵਿਚਾਲੇ ਸਾਂਝ ਨੂੰ ਮਜਬੂਤ ਕਰਨ ਵਿੱਚ ਲਾਹੇਵੰਦ ਬਣ ਰਹੀ ਹੈ ਮੈਗਾ ਪੀਟੀਐਮ – ਹਰਪਾਲ ਸਿੰਘ ਚੀਮਾ
ਵਿਦਿਆਰਥੀਆਂ ਵਿੱਚ ਉੱਦਮੀ ਹੁਨਰ ਨੂੰ ਹੁਲਾਰਾ ਦੇਣ ਲਈ ਚਲਾਏ ਜਾ ਰਹੇ ਬਿਜਨਸ ਬਲਾਸਟਰ ਪ੍ਰੋਗਰਾਮ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ: ਹਰਪਾਲ ਸਿੰਘ ਚੀਮਾ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਦਿਆਰਥੀਆਂ ਵੱਲੋਂ ਬਣਾਈਆਂ ਵਸਤਾਂ ਦੀ ਕੀਤੀ ਖਰੀਦਦਾਰੀ
ਚੰਡੀਗੜ੍ਹ/ਦਿੜ੍ਹਬਾ, 22 ਅਕਤੂਬਰ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਾਮਰੇਡ ਭੀਮ ਸਿੰਘ ਸਕੂਲ ਆਫ਼ ਐਮੀਨੈਂਸ ਦਿੜ੍ਹਬਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਮੈਗਾ ਪੀਟੀਐਮ ਮੌਕੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਵੱਡੀਆਂ ਪ੍ਰਾਪਤੀਆਂ ਦਰਜ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਦੇ ਪੱਧਰ ਨੂੰ ਬੁਲੰਦੀਆਂ ਤੇ ਲਿਜਾਉਣ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਹਰ ਸਾਲ ਮੈਗਾ ਪੀਟੀਐਮ ਕਰਵਾ ਕੇ ਸਕੂਲੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਵਿਚਾਲੇ ਪਰਸਪਰ ਤਾਲਮੇਲ ਨੂੰ ਮਜਬੂਤ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾ ਸਕੇ। ਉਨ੍ਹਾਂ ਕਿਹਾ ਕਿ ਮੈਗਾ ਪੀਟੀਐਮ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਨੂੰ ਇੱਕੋ ਜਗ੍ਹਾ ਤੇ ਬੈਠ ਕੇ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਦੀ ਸਮੀਖਿਆ ਵਿੱਚ ਵੀ ਲਾਹੇਵੰਦ ਸਾਬਤ ਹੋ ਰਹੀ ਹੈ।
ਇਸ ਮੌਕੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਜਨਸ ਖੇਤਰ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਬਿਜਨਸ ਬਲਾਸਟਰ ਪ੍ਰੋਗਰਾਮ ਨੂੰ ਆਰੰਭ ਕਰਵਾਇਆ ਗਿਆ ਸੀ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਦੇ ਕਾਰੋਬਾਰੀ ਬਣਾਉਣ ਲਈ ਮਾਰਗ ਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਅੱਜ ਦੇ ਇਸ ਸਮਾਗਮ ਵਿੱਚ ਉਦਮੀ ਹੁਨਰ ਵਾਲੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਸਮਾਨ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਦੇਖਿਆ । ਇਸ ਦੌਰਾਨ ਜਿੱਥੇ ਆਮ ਲੋਕਾਂ ਨੇ ਇਹਨਾਂ ਵਿਦਿਆਰਥੀਆਂ ਤੋਂ ਸਮਾਨ ਖਰੀਦਿਆ ਉੱਥੇ ਨਾਲ ਹੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਖਰੀਦਦਾਰੀ ਕੀਤੀ ਅਤੇ ਬੱਚਿਆਂ ਦਾ ਹੌਸਲਾ ਵਧਾਇਆ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਉਪਰਾਲੇ ਨਾਲ ਸਕੂਲਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਹਨ ਜਿਨਾਂ ਨੂੰ ਦੂਰ ਕਰਨ ਲਈ ਢੁਕਵੇ ਉਪਰਾਲੇ ਕੀਤੇ ਜਾਂਦੇ ਹਨ। ਉਹਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸੁਵਿਧਾਵਾਂ ਪੱਖੋਂ ਪ੍ਰਾਈਵੇਟ ਸਕੂਲਾਂ ਨਾਲੋਂ ਮੋਹਰੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਸਿੱਖਿਆ, ਖੇਡਾਂ, ਸੱਭਿਆਚਾਰ ਸਮੇਤ ਹੋਰ ਉਸਾਰੂ ਗਤੀਵਿਧੀਆਂ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਨਾਮ ਚਮਕਾਉਣ ਦੇ ਸਮਰੱਥ ਬਣਨਗੇ।
ਉਹਨਾਂ ਨੇ ਇਸ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਦਿਨ ਰਾਤ ਇੱਕ ਕਰਕੇ ਪੜ੍ਹਾਈ ਕਰਨ ਅਤੇ ਸਲਾਨਾ ਪ੍ਰੀਖਿਆਵਾਂ ਵਿੱਚ ਆਪਣੀ ਪ੍ਰਤਿਭਾ ਸਦਕਾ ਵੱਧ ਤੋਂ ਵੱਧ ਨੰਬਰ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਮਿਹਨਤੀ ਅਤੇ ਤਜਰਬੇਕਾਰ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਅਧਿਆਪਨ ਸੁਧਾਰਾਂ ਨੂੰ ਯਕੀਨੀ ਬਣਾਉਣ ਲਈ ਵਿਦੇਸ਼ਾਂ ਵਿੱਚ ਵੀ ਸਿਖਲਾਈ ਦਿਵਾਉਣ ਦੇ ਉਪਰਾਲੇ ਅਮਲ ਵਿਚ ਲਿਆਂਦੇ ਜਾ ਰਹੇ ਹਨ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਦਿੜਬਾ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਕੂਲਾਂ ਦੇ ਸਟਾਫ ਤੇ ਵਿਦਿਆਰਥੀਆਂ ਦੀਆਂ ਜਰੂਰਤਾਂ ਨੂੰ ਤਰਜੀਹ ਦੇ ਆਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਹਨਾਂ ਨਾਲ ਓਐਸਡੀ ਤਪਿੰਦਰ ਸਿੰਘ ਸੋਹੀ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਐਸਡੀਐਮ ਰਾਜੇਸ਼ ਸ਼ਰਮਾ ਵੀ ਮੌਜੂਦ ਸਨ।