ਰਾਹਤ- ਬਦਲੀਆਂ ਜਾਣਗੀਆਂ ਗੁਰਦਾਸਪੁਰ ਦੇ ਬਾਜ਼ਾਰਾਂ ਦੀ ਤਾਰਾਂ: ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਸ਼ਹਿਰ ਵਿੱਚ ਅਗਜਨੀ ਦੀਆਂ ਵਾਪਰ ਰਹੀਆਂ ਘਟਨਾਵਾ ਦਾ ਲਿਆ ਸਖਤ ਨੋਟਿਸ
ਚੇਅਰਮੈਨ ਰਮਨ ਬਹਿਲ ਨੇ ਵਪਾਰੀਆਂ ਦੀ ਕਰਵਾਈ ਪਾਵਰ ਕੌਮ ਦੇ ਅਧਿਕਾਰੀਆਂ ਨਾਲ ਬੈਠਕ
ਅੱਗਜਨੀ ਦੀਆਂ ਘਟਨਾਵਾਂ ਰੋਕਣ ਲਈ ਬਦਲੀਆਂ ਜਾਣਗੀਆਂ ਬਾਜ਼ਾਰਾਂ ਦੀਆਂ ਤਾਰਾਂ
ਗੁਰਦਾਸਪੁਰ, 8 ਸਤੰਬਰ 2024 (ਦੀ ਪੰਜਾਬ ਵਾਇਰ )। ਗੁਰਦਾਸਪੁਰ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਦੁਕਾਨਾਂ ਦੀ ਅੱਗਜਨੀ ਦੀਆਂ ਘਟਨਾਵਾਂ ਰੋਕਣ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵਪਾਰੀਆਂ ਦੀ ਬਾਂਹ ਫੜੀ ਹੈ ਅਤੇ ਸ਼ਹਿਰ ਦੇ ਵਪਾਰੀਆਂ ਦੀ ਪਾਵਰ ਕੌਮ ਦੇ ਅਧਿਕਾਰੀਆਂ ਨਾਲ ਬੈਠਕ ਕਰਵਾ ਕੇ ਬਾਜ਼ਾਰਾਂ ਦੀਆਂ ਸਾਰੀਆਂ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਬਦਲਣ ਲਈ ਵਿਉਂਤਬੰਦੀ ਤਿਆਰ ਕਰਵਾ ਦਿੱਤੀ। ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਪਾਰ ਮੰਡਲ ਦੇ ਚੇਅਰਮੈਨ ਰਘਬੀਰ ਸਿੰਘ ਖਾਲਸਾ ਅਤੇ ਪ੍ਰਧਾਨ ਅਸ਼ੋਕ ਮਹਾਜਨ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵਪਾਰੀਆਂ ਦਾ ਇੱਕ ਵਫਦ ਬਿਜਲੀ ਬੋਰਡ ਦੇ ਅਧਿਕਾਰੀ ਐਕਸੀਐਨ ਜਸਵਿੰਦਰ ਵਿਰਦੀ ਨੂੰ ਮਿਲਿਆ।
ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਵਪਾਰੀਆ ਦੇ ਨਾਲ ਹਾਜ਼ਰ ਸਨ। ਜਦਕਿ ਪਾਵਰਕੌਮ ਦੇ ਐਸਡੀਓ ਹਰੀਦੇਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ।
ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਅੰਦਰ ਸ਼ਾਰਟ ਸਰਕਟ ਹੋਣ ਨਾਲ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਭਰਾ, ਜੋ ਹੱਢ ਭੰਨਵੀਂ ਮਿਹਨਤ ਨਾਲ ਆਪਣਾ ਗੁਜ਼ਾਰਾ ਕਰਦੇ ਹਨ। ਇਸ ਤਰ੍ਹਾਂ ਦੀਆਂ ਮੰਦਭਾਗੀ ਘਟਨਾਵਾਂ ਵਾਪਰਨ ਨਾਲ ਉਨ੍ਹਾਂ ਦਾ ਬਹੁਤ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਦੁਕਾਨਦਾਰਾਂ ਨੂੰ ਮੁੜ ਆਪਣੇ ਪੈਰਾਂ ‘ਤੇ ਖੜੇ ਹੋਣ ਲਈ ਕਈ ਕਈ ਸਾਲ ਲੱਗ ਜਾਂਦੇ ਹਨ। ਇਸ ਲਈ ਪਾਵਰਕਾਮ ਵਿਭਾਗ ਨੂੰ ਵਿਸ਼ੇਸ਼ ਰਣਨੀਤੀ ਉਲੀਕ ਕੇ ਇਸ ਸਮੱਸਿਆ ਦਾ ਜਲਦ ਹੱਲ ਕੱਢਣਾ ਚਾਹੀਦਾ ਹੈ।
ਇਸ ਮੌਕੇ ਸ਼਼ਹਿਰ ਦੇ ਵਪਾਰੀਆਂ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਪਾਵਰਕਾਮ ਵੱਲੋਂ ਬਾਜ਼ਾਰ ਵਿੱਚ ਬੇਤਰਤੀਬ ਢੰਗ ਨਾਲ ਵਿਛਾਇਆ ਗਿਆ ਤਾਰਾਂ ਦਾ ਜਾਲ ਦੁਕਾਨਦਾਰਾਂ ਲਈ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ। ਅਕਸਰ ਇਹਨਾਂ ਤਾਰਾਂ ਵਿੱਚੋਂ ਸਪਾਰਕਿੰਗ ਹੁੰਦੀ ਰਹਿੰਦੀ ਹੈ ਤੇ 11 ਦੁਕਾਨਾਂ ਅੱਗਜਨੀ ਦੀ ਚਪੇਟ ਵਿੱਚ ਆ ਕੇ ਪੂਰੀ ਤਰ੍ਹਾਂ ਸਵਾਹ ਹੋ ਚੁੱਕੀਆਂ ਹਨ, ਜਿਸ ਨਾਲ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਲਈ ਉਨ੍ਹਾਂ ਵੱਲੋਂ ਜਦੋਂ ਇਹ ਮਸਲਾ ਚੇਅਰਮੈਨ ਰਮਨ ਬਹਿਲ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਨੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਵਪਾਰੀਆਂ ਦੀ ਮੀਟਿੰਗ ਕਰਵਾਈ ਹੈ ਜਿਸ ਦੇ ਲਈ ਉਹ ਰਮਨ ਬਹਿਲ ਦੇ ਧੰਨਵਾਦੀ ਹਨ। ਉਹਨਾਂ ਦੱਸਿਆ ਕਿ ਜਲਦੀ ਹੀ ਤਾਰਾ ਬਦਲਣ ਦਾ ਕੰਮ ਪਾਵਰਕੋਮ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ।
ਉੱਥੇ ਹੀ ਪਾਵਰਕੌਮ ਦੇ ਐਕਸ ਈ ਐਨ ਜਸਵਿੰਦਰ ਵਿਰਦੀ ਨੇ ਦੱਸਿਆ ਕਿ ਚੇਅਰਮੈਨ ਰਮਨ ਬਹਿਲ ਵੱਲੋਂ ਮਿਲੀਆਂ ਹਿਦਾਇਤਾਂ ਅਨੁਸਾਰ ਜਿਨਾਂ ਇਲਾਕਿਆਂ ਦੇ ਐਸਟੀਮੇਟ ਬਣ ਚੁੱਕੇ ਹਨ ਉਹਨਾਂ ਵਿੱਚ ਇੱਕ ਦੋ ਦਿਨ ਵਿੱਚ ਹੀ ਬਾਜ਼ਾਰਾਂ ਦੀਆਂ ਤਾਰਾਂ ਬਦਲਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਜਿਨਾਂ ਇਲਾਕਿਆਂ ਦੇ ਐਸਟੀਮੈਂਟ ਹਜੇ ਨਹੀਂ ਬਣੇ ਉੱਥੇ ਵੀ ਨਾਲ ਨਾਲ ਐਸਟੀਮੇਟ ਬਣਾ ਕੇ ਜਲਦੀ ਹੀ ਤਾਰਾਂ ਬਦਲ ਦਿੱਤੀਆਂ ਜਾਣਗੀਆਂ।