ਚੇਅਰਮੈਨ ਰਮਨ ਬਹਿਲ ਨੇ ਅਧਿਕਾਰੀਆਂ ਨਾਲ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਿਹਤ ਸੰਸਥਾਵਾਂ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਰੀਵਿਊ ਕੀਤਾ
ਗੁਰਦਾਸਪੁਰ, 17 ਜੁਲਾਈ 2024 (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਪੀ.ਐੱਚ.ਐੱਸ.ਸੀ. ਮੁੱਖ ਦਫ਼ਤਰ, ਮੋਹਾਲੀ ਵਿਖੇ ਸਿਵਲ ਹਸਪਤਾਲ, ਗੁਰਦਾਸਪੁਰ, ਸਿਵਲ ਹਸਪਤਾਲ ਬਟਾਲਾ ਅਤੇ ਸੀ.ਐੱਚ.ਸੀ. ਸਿੰਘੋਵਾਲ ਸਿਹਤ ਸੰਸਥਾਵਾਂ ਦੇ ਕੰਮ-ਕਾਜ ਅਤੇ ਅਤੇ ਵਿਕਾਸ ਦੇ ਸਬੰਧ ਵਿੱਚ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਡਾਇਰੈਕਟਰ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਡਾ. ਅਨਿਲ ਕੁਮਾਰ, ਇੰਜੀਨੀਅਰ ਸੁਖਚੈਨ ਸਿੰਘ, ਸਿਵਲ ਸਰਜਨ ਗੁਰਦਾਸਪੁਰ ਡਾ. ਵਿਮੀ ਮਹਾਜਨ, ਡਿਪਟੀ ਮੈਡੀਕਲ ਸੁਪਰਡੈਂਟ ਗੁਰਦਾਸਪੁਰ ਡਾ. ਰੋਮੀ ਰਾਜਾ ਮਹਾਜਨ, ਐੱਸ.ਐੱਮ.ਓ. ਸਿਵਲ ਹਸਪਤਾਲ ਗੁਰਦਾਸਪੁਰ ਡਾ. ਅਰਵਿੰਦ ਮਹਾਜਨ, ਐੱਸ.ਐੱਮ.ਓ. ਸਿਵਲ ਹਸਪਤਾਲ ਬਟਾਲਾ ਡਾ. ਰਵਿੰਦਰ ਸਿੰਘ, ਸੀ.ਐੱਚ.ਸੀ. ਸਿੰਘੋਵਾਲ ਦੀ ਐੱਸ.ਐੱਮ.ਓ. ਡਾ. ਪ੍ਰਭਜੋਤ ਕੌਰ ਵੀ ਹਾਜ਼ਰ ਸਨ।
ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਮੀਟਿੰਗ ਸਿਵਲ ਹਸਪਤਾਲ, ਗੁਰਦਾਸਪੁਰ, ਸਿਵਲ ਹਸਪਤਾਲ ਬਟਾਲਾ ਅਤੇ ਸੀ.ਐੱਚ.ਸੀ. ਸਿੰਘੋਵਾਲ ਸਿਹਤ ਸੰਸਥਾਵਾਂ ਵਿੱਚ ਪੇਸ਼ ਆ ਰਹੀਆਂ ਔਂਕੜਾਂ ਦਾ ਹੱਲ ਕਰਨ ਲਈ ਬੁਲਾਈ ਗਈ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇਨ੍ਹਾਂ ਸਿਹਤ ਸੰਸਥਾਵਾਂ ਵਿੱਚ ਆ ਰਹੀਆਂ ਔਕੜਾਂ ਬਾਰੇ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਮੁਸ਼ਕਲਾਂ ਦਾ ਨਿਪਟਾਰਾ ਜਲਦ ਤੋਂ ਜਲਦ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣਾ ਮਾਨ ਸਰਕਾਰ ਦਾ ਮੁੱਖ ਏਜੰਡਾ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਲੋੜੀਂਦਾ ਸਮਾਨ, ਮੈਡੀਕਲ ਇਕੁਪਮੈਂਟ ਅਤੇ ਦਵਾਈਆਂ ਆਦਿ ਲੋੜੀਂਦੀ ਮਾਤਰਾ ਵਿੱਚ ਮੁਹੱਈਆ ਕਰਵਾਉਣ ਸਬੰਧੀ ਭਰੋਸਾ ਦਿੱਤਾ ਗਿਆ ਹੈ ਤਾਂ ਜੋ ਇਨ੍ਹਾਂ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ।