ਪੰਜਾਬ ਮੁੱਖ ਖ਼ਬਰ

ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ, ਤਿੰਨ ਲੜਕੀਆਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਹੋਈ ਚੋਣ

ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ, ਤਿੰਨ ਲੜਕੀਆਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਹੋਈ ਚੋਣ
  • PublishedJune 13, 2024

ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਕੈਡਿਟਾਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਜੁਲਾਈ ਤੋਂ ਸ਼ੁਰੂ ਹੋਵੇਗੀ ਸਿਖਲਾਈ

ਚੰਡੀਗੜ੍ਹ, 13 ਜੂਨ 2024 (ਦੀ ਪੰਜਾਬ ਵਾਇਰ)। ਪੰਜਾਬ ਦੀਆਂ ਲੜਕੀਆਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਯਤਨਸ਼ੀਲ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ ਨਗਰ (ਮੁਹਾਲੀ) ਦੀਆਂ ਤਿੰਨ ਹੋਰ ਮਹਿਲਾ ਕੈਡਿਟਾਂ ਨੂੰ ਵੱਕਾਰੀ ਇੰਡੀਅਨ ਏਅਰ ਫੋਰਸ ਅਕੈਡਮੀ, ਡੁੰਡੀਗਲ ਵਿਖੇ ਪ੍ਰੀ-ਕਮਿਸ਼ਨ ਸਿਖਲਾਈ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਸਿਖਲਾਈ ਜੁਲਾਈ 2024 ਤੋਂ ਸ਼ੁਰੂ ਹੋਵੇਗੀ।

ਪਠਾਨਕੋਟ ਦੀ ਰਹਿਣ ਵਾਲੀ ਮਹਿਲਾ ਕੈਡਿਟ ਹਰਨੂਰ ਸਿੰਘ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵਿਕਰਮ ਸਿੰਘ ਬੈਂਸ ਦੀ ਧੀ ਹੈ ਜਦੋਂਕਿ ਕੈਡਿਟ ਕ੍ਰਿਤੀ ਐਸ ਬਿਸ਼ਟ ਪੀ.ਏ.ਸੀ.ਐਲ., ਨੰਗਲ ਦੇ ਸੀਨੀਅਰ ਇੰਜੀਨੀਅਰ ਸ਼ਕਤੀ ਸ਼ਰਨ ਸਿੰਘ ਦੀ ਧੀ ਹੈ। ਜਲੰਧਰ ਦੀ ਰਹਿਣ ਵਾਲੀ ਕੈਡਿਟ ਅਲੀਸ਼ਾ, ਜੋ ਪਹਿਲਾਂ ਹੀ ਇੰਡੀਅਨ ਨੇਵਲ ਅਕੈਡਮੀ ਵਿੱਚ ਸਿਖਲਾਈ ਅਧੀਨ ਹੈ, ਪ੍ਰਾਈਵੇਟ ਸਕੂਲ ਦੇ ਅਧਿਆਪਕ ਸੁਨੀਲ ਦੱਤ ਦੀ ਧੀ ਹੈ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਤਿੰਨਾਂ ਕੈਡਿਟਾਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਬੱਚੀਆਂ ਦੀ ਸਫਲਤਾ ਯਕੀਨੀ ਤੌਰ ‘ਤੇ ਪੰਜਾਬ ਦੇ ਛੋਟੇ ਕਸਬਿਆਂ ਅਤੇ ਪਿੰਡਾਂ ਦੀਆਂ ਕੁੜੀਆਂ ਨੂੰ ਰੱਖਿਆ ਸੇਵਾਵਾਂ ਵਿਚ ਕਮਿਸ਼ਨਡ ਅਫਸਰਾਂ ਵਜੋਂ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਸੂਬੇ ਦੀਆਂ ਲੜਕੀਆਂ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਸਾਲ ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਸ ਦੇ ਦੂਜੇ ਬੈਚ ਨੇ ਅਪ੍ਰੈਲ 2024 ਤੋਂ ਸਿਖਲਾਈ ਸ਼ੁਰੂ ਕਰ ਦਿੱਤੀ ਹੈ।

ਮਾਈ ਭਾਗੋ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ (ਸੇਵਾਮੁਕਤ) ਨੇ ਇਹਨਾਂ ਤਿੰਨ ਕੈਡਿਟਾਂ ਦੇ ਇੰਡੀਅਨ ਏਅਰ ਫੋਰਸ ਅਕੈਡਮੀ ਲਈ ਚੁਣੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਨਾਲ ਸੂਬੇ ਦੀਆਂ ਹੋਰ ਲੜਕੀਆਂ ਨੂੰ ਵੱਖ-ਵੱਖ ਹਥਿਆਰਬੰਦ ਬਲਾਂ ਦੀ ਪ੍ਰੀ ਕਮਿਸ਼ਨ ਸਿਖਲਾਈ ਅਕੈਡਮੀਆਂ ਵਿੱਚ ਭੇਜਣ ਸਬੰਧੀ ਉਨ੍ਹਾਂ ਦੇ ਯਤਨਾਂ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਇਨ੍ਹਾਂ ਮਹਿਲਾ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Written By
The Punjab Wire