ਪੰਜਾਬ ਮੁੱਖ ਖ਼ਬਰ

ਵੱਡੀ ਰਾਹਤ- ਪੰਜਾਬ ਸਰਕਾਰ ਨੇ ਨੇਤਰਹੀਣ ਵਿਅਕਤੀਆਂ ਦੇ ਸਹਾਇਕਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਸ਼ੁਰੂ ਕੀਤੀ: ਡਾ. ਬਲਜੀਤ ਕੌਰ

ਵੱਡੀ ਰਾਹਤ- ਪੰਜਾਬ ਸਰਕਾਰ ਨੇ ਨੇਤਰਹੀਣ ਵਿਅਕਤੀਆਂ ਦੇ ਸਹਾਇਕਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਸ਼ੁਰੂ ਕੀਤੀ: ਡਾ. ਬਲਜੀਤ ਕੌਰ
  • PublishedJune 13, 2024

ਨੇਤਰਹੀਣ ਵਿਅਕਤੀਆਂ ਦੀ ਚਿਰੋਕਣੀ ਮੰਗ ਹੋਈ ਪੂਰੀ

ਚੰਡੀਗੜ੍ਹ, 13 ਜੂਨ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਨੇਤਰਹੀਣ ਭਾਈਚਾਰੇ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਨੇਤਰਹੀਣ ਵਿਅਕਤੀਆਂ ਦੇ ਸਹਾਇਕਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਹ ਮਹੱਤਵਪੂਰਨ ਫ਼ੈਸਲਾ ਦਿਵਿਆਂਗਜਨਾਂ ਦੀ ਸਹਾਇਤਾ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਐਲਾਨ ਵਿੱਤ ਤੇ ਯੋਜਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਪ੍ਰਮੁੱਖ ਸਕੱਤਰ ਵਿੱਤ ਸ੍ਰੀ ਅਜੋਏ ਕੁਮਾਰ ਸਿਨਹਾ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਡਾ. ਸ਼ੇਨਾ ਅਗਰਵਾਲ, ਵਿਸ਼ੇਸ਼ ਸਕੱਤਰ ਸ੍ਰੀਮਤੀ ਵਿੰਮੀ ਭੁੱਲਰ ਅਤੇ ਡਿਪਟੀ ਡਾਇਰੈਕਟਰ ਸ੍ਰੀ ਅਮਰਜੀਤ ਸਿੰਘ ਭੁੱਲਰ ਵੀ ਹਾਜ਼ਰ ਸਨ।

ਇਹ ਪਹਿਲਕਦਮੀ ਇੱਕ ਚੰਗਾ ਸਮਾਜ ਬਣਾਉਣ ਲਈ ਸਰਕਾਰ ਦੇ ਸਮਰਪਣ ਨੂੰ ਦਰਸਾਉਂਦੀ ਹੈ ਜਿੱਥੇ ਹਰੇਕ ਨਾਗਰਿਕ ਨੂੰ ਬਰਾਬਰ ਮੌਕੇ ਅਤੇ ਮਹੱਤਵਪੂਰਨ ਸੇਵਾਵਾਂ ਮਿਲ ਸਕਣ। ਨੇਤਰਹੀਣ ਵਿਅਕਤੀਆਂ ਦੇ ਸਹਾਇਕਾਂ ਲਈ ਮੁਫ਼ਤ ਬੱਸ ਸਫ਼ਰ ਦੀ ਪੇਸ਼ਕਸ਼ ਕਰਕੇ, ਪੰਜਾਬ ਸਰਕਾਰ ਦਿਵਿਆਂਗਜਨਾਂ ਦੇ ਕਿਤੇ ਵੀ ਆਉਣ-ਜਾਣ ਵਾਸਤੇ ਸਫ਼ਰ ਨੂੰ ਸੁਖਾਲਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕ ਰਹੀ ਹੈ।

Written By
The Punjab Wire