ਰਾਜਪਾਲ ਬਨਵਾਰੀ ਲਾਲ ਪੁਰੋਹਤ ਨੂੰ ਮਿਲੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਆਹਲੂਵਾਲੀਆ ਤੇ ਹੋਰ ਆਗੂ
ਚੰਡੀਗੜ੍ਹ 2 ਮਈ 2024 (ਦੀ ਪੰਜਾਬ ਵਾਇਰ)। ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ ਪ੍ਰਧਾਨ ਸ੍ਰ ਜਸਬੀਰ ਸਿੰਘ ਆਹਲੂਵਾਲੀਆਦੀ ਅਗਵਾਈ ਹੇਠ ਪਿਛਲੇ ਸਾਲ ਸੂਬੇ ਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਤੇ ਹੋਰ ਮੰਗਾਂ ਲਈ ਸ਼ੁੱਕਰਵਾਰ ਕਰੀਬ 11 ਵਜੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਤ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ਉੱਤੇ ਮੁਲਾਕਾਤ ਕੀਤੀ।
ਇਸ ਮੌਕੇ ਪ੍ਰਧਾਨ ਜਸਬੀਰ ਆਹਲੂਵਾਲੀਆ ਤੇ ਹੋਰ ਆਗੂਆਂ ਨੇ ਰਾਜਪਾਲ ਪੰਜਾਬ ਨੂੰ ਬੀਤੇ ਸਾਲ ਆਏ ਹੜ੍ਹਾਂ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਜਾਣਕਾਰੀ ਦਿੱਤੀ ਤੇ ਪੰਜਾਬ ਸਰਕਾਰ ਵੱਲੋਂ ਇਸ ਮਸਲੇ ਸਬੰਧੀ ਅਪਣਾਈ ਬੇਰੁਖੀ ਦਾ ਮਾਮਲਾ ਉਠਾਇਆ।
ਪ੍ਰਧਾਨ ਆਹਲੂਵਾਲੀਆ ਨੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਚ ਸ਼ਾਮਲ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਖੇਮਕਰਨ ਸਰਕਲ ਰਾਮ ਸਿੰਘ ਵਾਲਾ ਤਹਿਤ ਆਉਂਦੀਆਂ ਹੜ੍ਹ ਪ੍ਰਭਾਵਿਤ ਜ਼ਮੀਨਾਂ ਲਈ ਕੇਂਦਰ ਸਰਕਾਰ ਨੇ ਪ੍ਰਤੀ ਏਕੜ 6800 ਰੁਪਏ ਦੇ ਹਿਸਾਬ ਨਾਲ ਕੁੱਲ ਦੋ ਕਰੋੜ 60 ਲੱਖ ਰੁਪਏ ਮੁਆਵਜ਼ਾ ਭੇਜਿਆ ਹੈ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਉਕਤ ਦੋ ਕਰੋੜ 60 ਲੱਖ ਰੁਪਏ ਚੋਂ ਸਿਰਫ ਇਕ ਕਰੋੜ ਰੁਪਏ ਦਾ ਮੁਆਵਜ਼ਾ ਹੀ ਸਹੀ ਢੰਗ ਨਾਲ ਵੰਡਿਆ ਗਿਆ ਹੈ, ਜਦਕਿ ਇਕ ਕਰੋੜ 60 ਲੱਖ ਰੁਪਏ ਦਾ ਕੁਝ ਅਤਾ ਪਤਾ ਨਹੀਂ ਹੈ।
ਕਿਸਾਨ ਆਗੂਆਂ ਨੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਤ ਤੋਂ ਮੰਗ ਕੀਤੀ ਕਿ ਇਸ ਇਕ ਕਰੋੜ 60 ਲੱਖ ਰੁਪਏ ਦੇ ਮੁਆਵਜ਼ੇ ਦੇ ਕਥਿਤ ਘਪਲੇ ਦੀ ਸਰਕਾਰੀ ਏਜੰਸੀਆਂ ਜ਼ਰੀਏ ਜਾਂਚ ਕਰਵਾਈ ਜਾਵੇ, ਤਾਂ ਕਿ ਕਿਸਾਨਾਂ ਦੇ ਮੁਆਵਜ਼ੇ ਨੂੰ ਹੜੱਪਣ ਵਾਲੇ ਮੁਲਜ਼ਮ ਬੇਨਕਾਬ ਹੋ ਸਕਣ।
ਇਸੇ ਤਰ੍ਹਾਂ ਪਿਛਲੇ ਸਾਲ ਆਏ ਹੜ੍ਹਾਂ ਉਪਰੰਤ ਫਸਲਾਂ ਦੇ ਨੁਕਸਾਨ ਸਬੰਧੀ ਕੇਂਦਰ ਸਰਕਾਰ ਵੱਲੋਂ ਆਏ ਪ੍ਰਪੋਜਲ ਕਿ ਖਰਾਬ ਹੋਈ ਫਸਲ ਦਾ 6800 ਰੁਪਏ ਪ੍ਰਤੀ ਏਕੜ, ਜ਼ਮੀਨੀ ਨੁਕਸਾਨ ਦਾ 47 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ, ਜ਼ਮੀਨਾਂ ਚ ਸਿਲਟ ਪੈਣ ਦਾ 7200 ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਕਿਹਾ ਗਿਆ ਸੀ, ਪਰ ਭਗਵੰਤ ਮਾਨ ਸਰਕਾਰ ਨੇ ਅਜੇ ਤਕ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੋਈ ਗਿਰਦਾਵਰੀ ਜਾਂ ਰਿਪੋਰਟ ਨਹੀਂ ਕੀਤੀ ਗਈ।
ਇਸੇ ਤਰ੍ਹਾਂ ਪੰਜਾਬ੍ਹ ਸਰਕਾਰ ਵੱਲੋਂ ਵੱਖਰੇ ਤੌਰ ਉੱਤੇ ਐਲਾਨਿਆ ਗਿਆ 20 ਹਜ਼ਾਰ ਰੁਪਏ ਮੁਆਵਜ਼ਾ ਵੀ ਨਹੀਂ ਮਿਲਿਆ ਹੈ।
ਇਸੇ ਤਰ੍ਹਾਂ ਦਰਿਆਵਾਂ ਦੀ ਮਾਰ ਹੇਠ ਆਏ ਰਕਬੇ ਦਾ 60 ਹਜ਼ਾਰ ਰੁਪਏ ਸਾਲਾਨਾ ਠੇਕੇ ਦਾ ਪ੍ਰਬੰਧ ਕਰਨ ਤੇ ਜ਼ਮੀਨਾਂ ਚ ਆਈ ਰੇਤ ਨੂੰ ਵੇਚਣ ਦਾ ਅਧਿਕਾਰ ਸੰਬੰਧਤ ਕਿਸਾਨਾਂ ਨੂੰ ਦੇਣ ਦੀ ਗੱਲ ਵੀ ਕਹੀ ਗਈ।
ਪ੍ਰਧਾਨ ਜਸਬੀਰ ਆਲੂਵਾਲੀਆ ਤੇ ਹੋਰ ਆਗੂਆਂ ਨੇ ਰਾਜਪਾਲ ਪੰਜਾਬ ਤੋਂ ਮੰਗ ਕੀਤੀ ਕਿ ਹੜ੍ਹ ਨਾਲ ਨੁਕਸਾਨੀਆਂ ਫਸਲਾਂ ਨਾਲ ਸਬੰਧਤ ਕਿਸਾਨਾਂ ਦੇ ਸਮੁੱਚੇ ਕਰਜ਼ੇ ਉੱਤੇ ਵੀ ਲੀਕ ਮਾਰੀ ਜਾਵੇ, ਤਾਂ ਕਿ ਬਦਹਾਲੀ ਦੀ ਜ਼ਿੰਦਗੀ ਚ ਪਹੁੰਚ ਚੁੱਕੇ ਕਿਸਾਨ ਮੁੜ ਕੇ ਆਪਣੇ ਆਰਥਿਕਤਾ ਨੂੰ ਪੈਰਾਂ ਸਿਰ ਕਰ ਸਕਣ।
ਉਕਤ ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਹੜਾਂ ਦੇ ਪਾਣੀ ਨਾਲ ਨੁਕਸਾਨੇ ਘਰਾਂ ਤੇ ਮੋਟਰਾਂ ਦਾ ਮੁਆਵਜ਼ਾ ਵੀ ਫੌਰੀ ਤੌਰ ਉੱਤੇ ਦਿੱਤਾ ਜਾਵੇ, ਤਾਂ ਕਿ ਪ੍ਰਭਾਵਿਤ ਕਿਸਾਨ ਆਉਂਦੀ ਫਸਲ ਬੀਜਣ ਦੀ ਤਿਆਰੀ ਕਰ ਸਕਣ।
ਇਸ ਮੌਕੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਤ ਨੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਆਹਲੂਵਾਲੀਆ ਤੇ ਖਜ਼ਾਨਚੀ ਸੁਖਵੰਤ ਸਿੰਘ , ਸੰਯੁਕਤ ਸਕੱਤਰ ਪੰਜਾਬ ਤਰਲੋਚਨ ਸਿੰਘ, ਕਿਸਾਨ ਨੇਤਾ ਪਿੱਪਲ ਸਿੰਘ ਸ਼ੇਰੇਵਾਲਾ, ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ, ਬੇਅੰਤ ਸਿੰਘ , ਮਹਿਲ ਸਿੰਘ ਫਤਿਹਵਾਲਾ ਆਦਿ ਆਗੂਆਂ ਵੱਲੋਂ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਫਸਲੀ ਨੁਕਸਾਨ ਸਬੰਧੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਮੰਗ ਪੱਤਰ ਕੇਂਦਰ ਤੇ ਪੰਜਾਬ ਸਰਕਾਰ ਨੂੰ ਭੇਜ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।