ਪੰਜਾਬ

ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਮੁੱਖ ਚੋਣ ਅਫ਼ਸਰ ਪੰਜਾਬ ਨਾਲ ਅਹਿਮ ਮੀਟਿੰਗ

ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਮੁੱਖ ਚੋਣ ਅਫ਼ਸਰ ਪੰਜਾਬ ਨਾਲ ਅਹਿਮ ਮੀਟਿੰਗ
  • PublishedApril 26, 2024

ਅਧਿਆਪਕਾਂ ਦੀਆਂ ਚੋਣ ਡਿਊਟੀਆਂ ਨਾਲ ਸਬੰਧਿਤ ਸਮੱਸਿਆਵਾਂ ਤੋਂ ਕਰਵਾਇਆ ਜਾਣੂ

ਅੰਮ੍ਰਿਤਸਰ, 26 ਅਪ੍ਰੈਲ 2024 (ਦੀ ਪੰਜਾਬ ਵਾਇਰ )। ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਇੱਕ ਸੂਬਾਈ ਵਫ਼ਦ ਵੱਲੋਂ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਸਿਬਿਨ ਸੀ ਨਾਲ ਚੰਡੀਗੜ੍ਹ ਮੁੱਖ ਚੋਣ ਦਫ਼ਤਰ ਵਿਖੇ ਮੀਟਿੰਗ ਕਰਕੇ ਉਨ੍ਹਾਂ ਨੂੰ ਅਧਿਆਪਕਾਂ ਦੀਆਂ ਚੋਣ ਅਤੇ ਬੀ.ਐਲ.ਓ. ਡਿਊਟੀਆਂ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ।

ਇਸ ਸਬੰਧੀ ਅੱਜ ਇਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਮੀਡੀਆ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਸੂਬੇ ਦੇ ਮੁੱਖ ਚੋਣ ਅਫ਼ਸਰ ਨੂੰ ਚੋਣਾਂ ਨਾਲ ਸਬੰਧਿਤ ਵੱਖ-ਵੱਖ ਡਿਊਟੀਆਂ ਕਰਨ ਸਮੇਂ ਅਧਿਆਪਕਾਂ ਨੂੰ ਆਉਣ ਵਾਲੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ‘ਚ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਚੋਣ ਅਤੇ ਬੀ.ਐਲ.ਓ. ਡਿਊਟੀਆਂ ਨਾ ਲਾਉਣ, ਪਤੀ- ਪਤਨੀ ਵਾਲੇ ਕੇਸਾਂ ਵਿੱਚ ਇੱਕ ਮੈਂਬਰ ਨੂੰ ਡਿਊਟੀ ਤੋਂ ਛੋਟ ਦੇਣ, ਇਸਤਰੀ ਅਧਿਆਪਕਾਵਾਂ ਦੀ ਘੱਟ ਤੋਂ ਘੱਟ ਚੋਣ ਡਿਊਟੀ ਲਾਉਣ,ਅੰਗਹੀਣ,ਕਰੋਨਿਕ ਬੀਮਾਰੀਆਂ ਤੋਂ ਗ੍ਰਸਤ ਅਤੇ ਵਿਧਵਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦੇਣ, ਲੋਕ ਸਭਾ ਚੋਣਾਂ ਵਿੱਚ ਸਾਰੇ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੇ ਘਰਾਂ ਨੇੜੇ ਹੀ ਲਾਉਣ ਦੀ ਮੰਗ ਕਰਨ ਤੋਂ ਇਲਾਵਾ ਪੋਲਿੰਗ ਬੂਥਾਂ ਤੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਵੀ ਮੰਗ ਕੀਤੀ ਗਈ।

ਅਧਿਆਪਕ ਆਗੂਆਂ ਅਨੁਸਾਰ ਇਸ ਮੀਟਿੰਗ ‘ਚ ਮੁੱਖ ਚੋਣ ਅਫਸਰ ਪੰਜਾਬ ਨੇ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਜਦ ਕਿ ਇਸਤਰੀ ਅਧਿਆਪਕਾਵਾਂ ਦੀ ਡਿਊਟੀ ਘਰਾਂ ਦੇ ਨੇੜੇ ਹੀ ਲਾਉਣ ਸਬੰਧੀ ਪਹਿਲਾਂ ਹੀ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਅੰਗਹੀਣ,ਵਿਧਵਾਵਾਂ ਅਤੇ ਕਰੋਨਿਕ ਬੀਮਾਰੀਆਂ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਘਰੇਲੂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਖਾਸ ਹਾਲਤਾਂ ਵਿੱਚ ਡਿਊਟੀ ਕੱਟਣ ਲਈ ਵੀ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਕਹਿ ਦਿੱਤਾ ਜਾਵੇਗਾ। ਇਸ ਮੌਕੇ ਜਥੇਬੰਦੀ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀ ਪਹਿਲਾਂ ਤੋਂ ਚੱਲ ਰਹੀ ਪ੍ਰੋਮੋਸ਼ਨ ਪ੍ਰਕਿਰਿਆ ਜਾਰੀ ਰੱਖਣ ਦੀ ਵੀ ਮੰਗ ਕਰਨ ਤੇ ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਚੱਲ ਰਹੀ ਪ੍ਰੋਮੋਸ਼ਨ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਸਿੱਖਿਆ ਅਧਿਕਾਰੀ ਮੁੱਖ ਚੋਣ ਦਫਤਰ ਚੰਡੀਗੜ੍ਹ ਤੋਂ ਪ੍ਰਵਾਨਗੀ ਲੈ ਸਕਦੇ ਹਨ।

ਇਸ ਮੀਟਿੰਗ ਉਪਰੰਤ ਈ.ਟੀ.ਯੂ. ਪੰਜਾਬ (ਰਜਿ.) ਦੇ ਆਗੂਆਂ ਨੇ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਚੋਣ ਡਿਊਟੀਆਂ ਲਾਉਣ ਸਮੇਂ ਵਿਸ਼ੇਸ਼ ਹਾਲਤਾਂ ਵਾਲੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣ।
ਮੁਖ ਚੋਣ ਅਫ਼ਸਰ ਨੂੰ ਮਿਲੇ ਵਫ਼ਦ ‘ਚ ਉਪਰੋਕਤ ਤੋਂ ਇਲਾਵਾ ਹਰਕ੍ਰਿਸ਼ਨ ਸਿੰਘ ਮੁਹਾਲੀ , ਤਰਸੇਮ ਲਾਲ ਜਲੰਧਰ, ਜਨਕ ਰਾਜ ਮੁਹਾਲੀ, ਰਿਸ਼ੀ ਕੁਮਾਰ ਜਲੰਧਰ, ਜਤਿੰਦਰ ਪੰਡਿਤ ਚਮਕੌਰ ਸਾਹਿਬ, ਜਗਤਾਰ ਸਿੰਘ ਮੁਹਾਲੀ, ਬਲਵੰਤ ਸਿੰਘ ਕੋਟਲੀ ਰੋਪੜ ਸਮੇਤ ਹੋਰ ਆਗੂ ਵੀ ਸ਼ਾਮਿਲ ਸਨ।

Written By
The Punjab Wire