ਕਿਹਾ ਕਿ ਜੇਕਰ ਧਰਮ ਅਤੇ ਜਾਤ ਦੇ ਆਧਾਰ ‘ਤੇ ਵੋ ਕੀਤੀ ਗਈ ਤਾਂ ਭਵਿੱਖ ‘ਚ ਵੋਟਿੰਗ ਨਹੀਂ ਹੋਵੇਗੀ
ਸੰਨੀ ਦਿਓਲ, ਵਿਨੋਦ ਖੰਨਾ, ਪ੍ਰਤਾਪ ਬਾਜਵਾ, ਸੁਖਬੀਰ ਬਾਦਲ ਸਾਰਿਆ ਤੇ ਸਾਧੇ ਨਿਸ਼ਾਨੇ।
ਕਿਹਾ ਡੁੱਲੇ ਬੇਰ੍ਹਾਂ ਦਾ ਹਾਲੇ ਵੀ ਕੁੱਝ ਨਹੀਂ ਬਦਲਿਆ, ਸ਼ੈਰੀ ਕਲਸੀ ਨੂੰ ਜਿਤਾਓ ,
ਕਈ ਸੀਨੀਅਰ ਕਾਂਗਰਸੀ ਆਗੂ ਹੋਏ ਆਮ ਆਦਮੀ ਪਾਰਟੀ ਅੰਦਰ ਸ਼ਾਮਿਲ
ਗੁਰਦਾਸਪੁਰ, 25 ਅਪ੍ਰੈਲ 2024 (ਮੰਨਨ ਸੈਣੀ)। ਇਹ ਵੋਟਿੰਗ ਜਿੱਤ ਜਾਂ ਹਾਰ ਲਈ ਨਹੀਂ ਹੈ, ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ, ਜੇਕਰ ਵੋਟ ਧਰਮ ਅਤੇ ਜਾਤ ਦੇ ਆਧਾਰ ‘ਤੇ ਪਾਈ ਗਈ ਤਾਂ ਭਵਿੱਖ ‘ਚ ਕਦੇ ਵੋਟਿੰਗ ਨਹੀਂ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੇ ਹਨੂੰਮਾਨ ਚੌਕ ਵਿਖੇ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਮ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਮਾਨ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਘਰ ਜਾ ਕੇ ਆਪਣਾ ਵੋਟਰ ਕਾਰਡ ਚੈੱਕ ਕਰੋ। ਫੋਟੋ ਤੁਹਾਡੀ ਹੋਵੇਗੀ ਪਰ ਉਸ ਵਿੱਚ ਤੁਸੀਂ ਸ਼ਹੀਦ ਭਗਤ ਸਿੰਘ, ਰਾਜ ਗੁਰੂ, ਕਰਤਾਰ ਸਿੰਘ ਸਰਾਬਾ, ਲਾਲਾ ਲਾਜਪਤ ਰਾਏ ਦੀ ਮਹਿਕ ਮਹਿਸੂਸ ਕਰੋਗੇ। ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਤਾਂ ਜੋ ਉਨ੍ਹਾਂ ਨੂੰ ਵੋਟ ਦਾ ਹੱਕ ਮਿਲ ਸਕੇ ਜੋ ਹੁਣ ਖਤਰੇ ਵਿੱਚ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਸੰਨੀ ਦਿਓਲ ਨੂੰ ਜਿਤਾ ਕੇ ਪਹਿਲਾਂ ਹੀ ਪਛਤਾ ਰਹੇ ਹਨ। ਕਿਉਂਕਿ ਸੰਨੀ ਦਿਓਲ ਨੇ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਪਿਛਲੇ ਸਮੇਂ ਦੌਰਾਨ ਸੰਸਦ ਰਹੇ ਮਰਹੂਮ ਵਿਨੋਦ ਖੰਨਾ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਨਿਸ਼ਾਨੇ ਤੇ ਲਿਆ । ਉਨ੍ਹਾਂ ਕਿਹਾ ਕਿ ਸ਼ੈਰੀ ਕਲਸੀ ਨੂੰ ਵੋਟ ਪਾ ਕੇ ਜੀਤਾਓ ਜੋ ਪਿਛਲੇ 10 ਸਾਲਾਂ ਦੇ ਘਾਟੇ ਦੀ ਪੂਰਤੀ ਕਰਨਗੇ।
ਉਨ੍ਹਾਂ ਪ੍ਰਤਾਪ ਬਾਜਵਾ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੇ ਮੁੱਖ ਮੰਤਰੀ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਨੇ ਹੀ ਗੁਰਦਾਸਪੁਰ ਤੋਂ ਚੰਡੀਗੜ੍ਹ ਜਾਂਦੇ ਸਮੇਂ ਸਭ ਤੋਂ ਵੱਧ ਟੋਲ ਟੈਕਸ ਲਗਾਇਆ, ਜਿਸ ਨੂੰ ਅਸੀਂ ਰੱਦ ਕੀਤਾ। ਉਨ੍ਹਾਂ ਬਾਜਵਾ ਦੇ ਭਰਾ ਦੇ ਭਾਜਪਾ ‘ਚ ਹੋਣ ‘ਤੇ ਵੀ ਚੁਟਕੀ ਲਈ।
ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਦਾ ਹੈ ਅਤੇ 13 ਸੀਟਾਂ ‘ਤੇ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਪੰਜਾਬ ‘ਚ ਵਿਕਾਸ ਦੀ ਹਨੇਰੀ ਆਵੇਗੀ, ਕਿਓਕਿ ਕੇਂਦਰ ਸਰਕਾਰ ਸਾਡੇ ਫੰਡ ਅਤੇ ਕੰਮ ਨਹੀਂ ਰੋਕ ਸਕੇਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜੋ ਸਹੂਲਤਾਂ 70 ਸਾਲਾਂ ਤੋਂ ਨਹੀਂ ਮਿਲ ਸਕੀਆਂ, ਉਹ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਵਿੱਚ ਮੁਹੱਈਆ ਕਰਵਾਈਆਂ ਹਨ। ਇਸ ਸਮੇਂ ਪੰਜਾਬ ਵਿੱਚ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਸਰਕਾਰ ਕਿਸਾਨਾਂ ਨੂੰ ਸੋਲਰ ਸਿਸਟਮ ਰਾਹੀਂ 12 ਘੰਟੇ ਬਿਜਲੀ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਇਹ ਜਿੱਤ-ਹਾਰ ਦੀ ਲੜਾਈ ਨਹੀਂ, ਸਗੋਂ ਸੱਤਾ, ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਜੇਕਰ ਲੋਕ ਇਸ ਵਾਰ ਖੁੰਝ ਗਏ ਤਾਂ ਇਸ ਤੋਂ ਬਾਅਦ ਦੇਸ਼ ‘ਚ ਵੋਟਿੰਗ ਨਹੀਂ ਹੋਵੇਗੀ।
ਮਾਨ ਨੇ ਅਕਾਲੀ ਦਲ ‘ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਹਰਸਿਮਰਤ ਬਾਦਲ ਨੂੰ ਤਾਂ ਲਾਲ ਮਿਰਚ ਅਤੇ ਹਰੀ ਮਿਰਚ ਦਾ ਨਹੀਂ ਪਤਾ ਅਤੇ ਸੁਖਬੀਰ ਬਾਦਲ ਨੂੰ ਇਹ ਨਹੀਂ ਪਤਾ ਕਿ ਗੰਨਾ ਕਿਵੇਂ ਬੀਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬਾਦਲ ਦੀ ਟਿਕਟ ‘ਤੇ ਚੋਣ ਲੜਨ ਲਈ ਵੀ ਕੋਈ ਤਿਆਰ ਨਹੀਂ, ਉਹ 13 ਉਮੀਦਵਾਰ ਵੀ ਨਹੀਂ ਲੱਭ ਸਕੇ, ਉਹ ਪੰਜਾਬ ‘ਚ ਖ਼ਤਮ ਹੋ ਚੁੱਕੇ ਹਨ। ਸੁਖਬੀਰ ਬਾਦਲ ‘ਪੰਜਾਬ ਬਚਾਓ ਯਾਤਰਾ’ ਕੱਢ ਰਿਹਾ ਹੈ, ਇਸ ਯਾਤਰਾ ਵਿਚ ਉਹ ਪੰਜਾਬ ਬਚਾਉਣ ਦੀਆਂ ਗੱਲਾਂ ਕਰ ਰਿਹਾ ਹੈ, ਜਦਕਿ ਅਸੀਂ ਹੁਣੇ ਪੰਜਾਬ ਨੂੰ ਮਸਾਂ ਬਾਦਲਾਂ ਤੋਂ ਬਚਾਇਆ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹਨਾਂ ਦੀ ਧਰਮਰਾਜ ਨਾਲ ਕੋਈ ਗੱਲ ਹੋ ਗਈ ਹੋਵੇ, ਕਿਉਂਕਿ ਬਾਕੀ ਲੋਕ ਜਾਣਦੇ ਹਨ ਕਿ ਮਰਨ ਤੋਂ ਬਾਅਦ ਕੁੱਝ ਸਾਡੇ ਨਾਲ ਨਹੀਂ ਜਾਂਦਾ, ਪਰ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਲੁੱਟਦੇ ਰਹੇ ਹਨ ਕਿ ਉਹ ਪਰਲੋਕ ਵਿੱਚ ਵੀ ਇਹ ਸਭ ਆਪਣੇ ਨਾਲ ਲੈ ਜਾਣਗੇ। ਉਨ੍ਹਾਂ ਕਿਹਾ ਕਿ ਉਹ ਹੁਣ ਜੋ ਮਰਜ਼ੀ ਕਰ ਲੈਣ ਪਰ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ,ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਈ ਇਹ ਜ਼ਿੰਮੇਵਾਰ ਹਨ, ਇਨ੍ਹਾਂ ਨੇ ਸਾਡੀ ਨੌਜਵਾਨੀ ਅਤੇ ਉਨ੍ਹਾਂ ਦਾ ਭਵਿੱਖ ਬਰਬਾਦ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਸਾਡੇ ਦੇਸ਼ ‘ਚ ਭ੍ਰਿਸ਼ਟਾਚਾਰ ਦਾ ਕਿੰਨਾ ਨੁਕਸਾਨ ਹੋਇਆ ਹੈ, ਮੈਂ ਉਨ੍ਹਾਂ ਨੂੰ ਕਿਹਾ ਕਿ ਨੁਕਸਾਨ ਰੁੱਕ ਤਾਂ ਲੈਣ ਦਿਓ ਤਾਂ ਹੀ ਇਸ ਦਾ ਅਸੀ ਹਿਸਾਬ ਲਾਵਾਂਗੇ, ਕਿਉਂਕਿ ਨੁਕਸਾਨ ਅਤੇ ਭ੍ਰਿਸ਼ਟਾਚਾਰ ਅਜੇ ਵੀ ਜਾਰੀ ਹੈ। ਕੇਂਦਰ ‘ਤ ਬੈਠੇ ਲੁਟੇਰੇ ਦੇਸ਼ ਦਾ ਸਰਮਾਇਆ ਪੂੰਜੀਪਤੀਆਂ ਨੂੰ ਵੇਚ ਰਹੇ ਹਨ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਹੋਣ ਵਾਲਾ ਨੁਕਸਾਨ ਉਸ ਦਿਨ ਰੁੱਕੇਗਾ ਜਿਸ ਦਿਨ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਬਣਨਗੇ, ਜਿਸ ਦਿਨ ਕੇਂਦਰ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ।
ਭਗਵੰਤ ਮਾਨ ਨੇ ਇਸ ਰੈਲੀ ਦੌਰਾਨ ਕੀਤੇ ਵਰਕਰਾਂ ਵਿੱਚ ਜੋਸ਼ ਭਰ ਦਿੱਤਾ ਅਤੇ ਜੋਸ਼ ਕਾਰਨ ਵਾਰ-ਵਾਰ ਜਿੰਦਾਬਾਦ ਦੇ ਨਾਅਰੇ ਲੱਗੇ। ਇਸ ਮੌਕੇ ਉਮੀਦਵਾਰ ਸ਼ੈਰੀ ਕਲਸੀ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਈ ਸੀਨੀਅਰ ਕਾਂਗਰਸੀ ਜਿਨ੍ਹਾਂ ਵਿੱਚ ਨੀਰਜ ਸਲਹੋਤਰਾ, ਬਲਵਿੰਦਰ ਸਿੰਘ, ਸੁੱਚਾ ਸਿੰਘ ਮੁਲਤਾਨੀ ਆਦਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਤੇ ਮੰਤਰੀ ਲਾਲ ਚੰਦ ਕਟਾਰੂਚੱਕ, ਚੇਅਰਮੈਨ ਜਗਰੂਪ ਸਿੰਘ ਸੇਖਵਾਂ ਆਦਿ ਕਈ ਸੀਨੀਅਰ ਆਗੂ ਮੌਜੂਦ ਸਨ।