ਬਟਾਲਾ ਰੋਡ ਤੇ ਦੁਕਾਨ ਨੂੰ ਲੱਗੀ ਅੱਗ, ਕਰੋੜਾਂ ਦਾ ਹੋਇਆ ਨੁਕਸਾਨ
ਗੁਰਦਾਸਪੁਰ, 23 ਅਪ੍ਰੈਲ 2024 (ਦੀ ਪੰਜਾਬ ਵਾਇਰ)। ਸੋਮਵਾਰ ਦੇਰ ਰਾਤ ਬਟਾਲਾ ਰੋਡ ‘ਤੇ ਸਥਿਤ ਰਾਹੁਲ ਹੋਮ ਸ਼ੈਪੀ ‘ਚ ਅੱਗ ਲੱਗ ਗਈ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ।
ਦੁਕਾਨ ਮਾਲਕ ਸ਼ੈਲੀ ਵਾਸੀ ਜੇਲ੍ਹ ਰੋਡ ਨੇ ਦੱਸਿਆ ਕਿ ਉਹ ਬਟਾਲਾ ਰੋਡ ’ਤੇ ਰਾਹੁਲ ਹੋਮ ਸ਼ੌਪੀ ਦੇ ਨਾਂ ’ਤੇ ਦੁਕਾਨ ਚਲਾਉਂਦਾ ਹੈ। ਰੋਜ਼ ਦੀ ਤਰ੍ਹਾਂ ਉਹ ਸਟੋਰ ਬੰਦ ਕਰਕੇ ਘਰ ਚਲਾ ਗਿਆ। ਰਾਤ ਕਰੀਬ 12.30 ਵਜੇ ਉਸ ਨੂੰ ਗਾਰਡ ਦਾ ਫੋਨ ਆਇਆ ਕਿ ਦੁਕਾਨ ਤੋਂ ਧੂੰਆਂ ਨਿਕਲ ਰਿਹਾ ਹੈ। ਉਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸ਼ਟਰ ਚੁੱਕ ਕੇ ਦੇਖਿਆ ਤਾਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ।
ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ‘ਤੇ ਕਾਬੂ ਪਾ ਸਕੇ, ਉਦੋਂ ਤੱਕ ਸਾਰਾ ਸਾਮਾਨ ਸੜ ਚੁੱਕਾ ਸੀ। ਉਸ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦਾ 1 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।