ਚੰਡੀਗੜ੍ਹ, 23 ਅਪ੍ਰੈਲ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ ਸਬੰਧੀ ਦੁਪਹਿਰ 2 ਵਜੇ ਦਾ ਸਮਾਂ ਸੀ, ਪਰ ਭਾਜਪਾ ਆਗੂ ਅਜੇ ਤੱਕ ਨਹੀਂ ਪਹੁੰਚੇ, ਜਦਕਿ ਕਿਸਾਨ ਆਗੂ ਉਨ੍ਹਾਂ ਦੀਆ ਫੋਟੋਆਂ ਵਾਲੀ ਕੁਰਸੀਆਂ ਅੱਗੇ ਬੈਠੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ ਹਨ। ਇਸ ਕਾਰਨ ਭਾਜਪਾ ਆਗੂ ਬਹਿਸ ਤੋਂ ਬਚ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰੀ ਵੈੱਬਸਾਈਟ ਤੋਂ ਹੀ ਡਾਟਾ ਲੈ ਕੇ ਬਹਿਸ ਲਈ ਆਏ ਹਨ। ਇਸੇ ਆਧਾਰ ‘ਤੇ ਉਨ੍ਹਾਂ ਨੂੰ ਭਾਜਪਾ ਨੇਤਾਵਾਂ ਦੇ ਸਵਾਲਾਂ ਦੇ ਜਵਾਬ ਦੇਣੇ ਸਨ। ਹੁਣ ਪੂਰੀ ਦੁਨੀਆ ਦੇ ਲੋਕ ਭਾਜਪਾ ਦੀ ਅਸਲੀਅਤ ਜਾਣ ਰਹੇ ਹਨ।
ਕਿਸਾਨਾਂ ਨੇ ਬੀਜੇਪੀ ਦੇ 5 ਵੱਡੇ ਨੇਤਾਵਾਂ ਦੀਆਂ ਕੁਰਸੀਆਂ ਲਗਾ ਦਿੱਤੀਆਂ ਹਨ। ਜਿਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਅਤੇ ਸੂਬਾ ਪ੍ਰਧਾਨ ਜਾਖੜ ਦੇ ਨਾਂ ਲਿਖੇ ਹੋਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਦੁਪਹਿਰ 3 ਵਜੇ ਤੱਕ ਭਾਜਪਾ ਆਗੂਆਂ ਦਾ ਇੰਤਜ਼ਾਰ ਕਰਨਗੇ ਜੇਕਰ ਉਹ ਬਹਿਸ ਵਿੱਚ ਨਾ ਆਏ ਤਾਂ ਉਹ ਪ੍ਰੈਸ ਕਾਨਫਰੰਸ ਕਰਕੇ ਆਪਣੀ ਰਣਨੀਤੀ ਦਾ ਐਲਾਨ ਕਰਨਗੇ।
ਇਸ ਮਾਮਲੇ ਮੀਡੀਆ ਵੱਲੋਂ ਜੱਦੋ ਭਾਜਪਾ ਦੇ ਬੁਲਾਰੇ ਵਿਨੀਤ ਜੋਸ਼ੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਸ਼ੁਰੂ ਤੋਂ ਹੀ ਗੰਭੀਰ ਰਹੀ ਹੈ। ਚੰਡੀਗੜ੍ਹ ਵਿੱਚ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਜਿੱਥੋਂ ਤੱਕ ਅੱਜ ਦੀ ਬਹਿਸ ਦਾ ਸਵਾਲ ਹੈ, ਉਨ੍ਹਾਂ ਦੇ ਆਗੂਆਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਿਸੇ ਨੇ ਆਪਣੇ ਆਗੂਆਂ ਤੋਂ ਸਮਾਂ ਲਿਆ ਹੈ। ਅੱਜ ਕੱਲ੍ਹ ਸਾਡੇ ਆਗੂ ਲੁਧਿਆਣਾ ਅਤੇ ਜਲੰਧਰ ਵਿੱਚ ਚੋਣਾਂ ਸਬੰਧੀ ਮੀਟਿੰਗਾਂ ਵਿੱਚ ਰੁੱਝੇ ਹੋਏ ਹਨ।