ਰੋਪੜ, 13 ਅਪ੍ਰੈਲ 2024 (ਦੀ ਪੰਜਾਬ ਵਾਇਰ)। ਮੋਹਾਲੀ ਦੇ ਮਟੌਰ ਥਾਣੇ ਦੇ ਐੱਸਐੱਚਓ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਐਸਐਚਓ ਗੱਬਰ ਸਿੰਘ ਰੋਪੜ ਵਿੱਚ ਆਪਣੇ ਘਰ ਜਾ ਰਿਹਾ ਸੀ। ਇਸ ਤੋਂ ਪਹਿਲਾਂ ਵੀ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ, ਜਿਸ ਕਾਰਨ ਸਰਕਾਰ ਨੇ ਉਸ ਨੂੰ ਬੁਲੇਟ ਪਰੂਫ਼ ਸਕਾਰਪੀਓ ਗੱਡੀ ਦਿੱਤੀ ਸੀ।
ਇੰਸਪੈਕਟਰ ਗੱਬਰ ਸਿੰਘ ਪਹਿਲਾਂ ਰੋਪੜ ਸੀਆਈਏ ਵਿੱਚ ਤਾਇਨਾਤ ਸੀ। ਉੱਥੇ ਤਾਇਨਾਤ ਹੋਣ ਤੋਂ ਬਾਅਦ ਤੋਂ ਹੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਸਮੇਂ ਉਨ੍ਹਾਂ ਦੀ ਡਿਊਟੀ ਮੁਹਾਲੀ ਸਿਟੀ-1 ਦੇ ਥਾਣਾ ਮਟੌਰ ਵਿੱਚ ਬਤੌਰ ਥਾਣਾ ਇੰਚਾਰਜ ਸੀ। ਰਾਤ ਕਰੀਬ 2:30 ਵਜੇ ਗੱਬਰ ਸਿੰਘ ਰੋਪੜ ਸਥਿਤ ਆਪਣੇ ਘਰ ਜਾ ਰਿਹਾ ਸੀ।
ਰਸਤੇ ‘ਚ ਡਰਾਈਵਰ ਸਾਈਡ ਤੋਂ ਗੱਡੀ ‘ਤੇ ਫਾਇਰਿੰਗ ਹੋ ਗਈ। ਇਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਇਸ ਮਾਮਲੇ ‘ਚ ਕੁਰਾਲੀ ਦੇ ਨਜ਼ਦੀਕੀ ਥਾਣਾ ਭਗਵੰਤਪੁਰਾ ਵਿਖੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਸ ਅਧਿਕਾਰੀ ਇਸ ਮਾਮਲੇ ‘ਚ ਕੁਝ ਨਹੀਂ ਕਹਿ ਰਹੇ ਹਨ।
ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਇੰਸਪੈਕਟਰ ਗੱਬਰ ਸਿੰਘ ਨੂੰ ਬੁਲੇਟ ਪਰੂਫ ਸਕਾਰਪੀਓ ਕਾਰ ਦਿੱਤੀ ਗਈ ਸੀ। ਉਹ ਆਪਣੀ ਬੁਲੇਟ ਪਰੂਫ ਕਾਰ ਵਿੱਚ ਸਫ਼ਰ ਕਰਦਾ ਸੀ। ਇਸ ਹਮਲੇ ਵਿਚ ਉਹ ਅਤੇ ਉਸ ਦਾ ਗੰਨਮੈਨ ਵਾਲ-ਵਾਲ ਬਚ ਗਏ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਪੁਲਿਸ ਨੂੰ ਇਸ ਮਾਮਲੇ ਦਾ ਕੋਈ ਸੁਰਾਗ ਨਹੀਂ ਲੱਗਾ ਹੈ।