ਗੁਰਦਾਸਪੁਰ ਮੁੱਖ ਖ਼ਬਰ

ਪੰਜਾਬ ਦੇ ਸਾਬਕਾ ਮੰਤਰੀ ਲੰਗਾਹ ਦਾ ਪੁੱਤਰ ਹਿਮਾਚਲ ‘ਚ ਗ੍ਰਿਫਤਾਰ: ਹੋਟਲ ‘ਚੋਂ ਕੁੜੀ ਸਮੇਤ 4 ਦੋਸਤ ਫੜੇ, ਹੈਰੋਇਨ ਬਰਾਮਦ

ਪੰਜਾਬ ਦੇ ਸਾਬਕਾ ਮੰਤਰੀ ਲੰਗਾਹ ਦਾ ਪੁੱਤਰ ਹਿਮਾਚਲ ‘ਚ ਗ੍ਰਿਫਤਾਰ: ਹੋਟਲ ‘ਚੋਂ ਕੁੜੀ ਸਮੇਤ 4 ਦੋਸਤ ਫੜੇ, ਹੈਰੋਇਨ ਬਰਾਮਦ
  • PublishedApril 10, 2024

ਚੰਡੀਗੜ੍ਹ, 10 ਅਪ੍ਰੈਲ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਨੂੰ ਉਸ ਦੇ 4 ਦੋਸਤਾਂ ਸਮੇਤ ਹਿਮਾਚਲ ਪ੍ਰਦੇਸ਼ ‘ਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ 42.89 ਗ੍ਰਾਮ ਹੈਰੋਇਨ (ਚਿੱਟਾ) ਅਤੇ ਇੱਕ ਕੰਡਾ ਵੀ ਬਰਾਮਦ ਕੀਤਾ ਗਿਆ ਹੈ।

ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸਆਈਟੀ) ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਲ ਵਿਛਾਇਆ ਸੀ। ਮੰਗਲਵਾਰ ਦੇਰ ਰਾਤ ਉਨ੍ਹਾਂ ਨੇ ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਇਕ ਨਿੱਜੀ ਹੋਟਲ ‘ਤੇ ਛਾਪਾ ਮਾਰਿਆ, ਜਿੱਥੇ ਉਹ ਠਹਿਰੇ ਹੋਏ ਸਨ।

ਜਦੋਂ ਪੁਲਿਸ ਨੇ ਸਾਰਿਆਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਇੱਕ ਨੇ ਆਪਣੀ ਪਹਿਚਾਣ ਪ੍ਰਕਾਸ਼ ਸਿੰਘ ਲੰਗਾਹ ਵਜੋਂ ਦੱਸੀ। ਪ੍ਰਕਾਸ਼ ਨੇ ਦੱਸਿਆ ਕਿ ਉਹ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਹੈ। ਉਹ ਪੰਜਾਬ ਦੇ ਦੋ ਵਾਰ ਵਿਧਾਇਕ ਅਤੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਹਨ।

ਜਦੋਂ ਪੁਲਿਸ ਨੇ ਕਮਰੇ ਦੀ ਤਲਾਸ਼ੀ ਲਈ ਤਾਂ ਉੱਥੋਂ ਹੈਰੋਇਨ ਬਰਾਮਦ ਹੋਈ। ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਮਰੇ ‘ਚ ਮੌਜੂਦ ਸਾਰੇ ਦੋਸ਼ੀ ਇੰਨੇ ਨਸ਼ੇ ਸਨ ਕਿ ਉਹ ਆਪਣੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕੇ।

ਇਸ ਤੋਂ ਬਾਅਦ ਉਸ ਨੂੰ ਸਦਰ ਥਾਣਾ ਸ਼ਿਮਲਾ ਲਿਜਾਇਆ ਗਿਆ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਥਾਰ ਗੱਡੀ ਵੀ ਜ਼ਬਤ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਹਿਮਾਚਲ ਵਿੱਚ ਹੈਰੋਇਨ ਸਪਲਾਈ ਕਰ ਰਹੇ ਸਨ।

ਫੜੇ ਗਏ ਮੁਲਜ਼ਮਾਂ ਵਿੱਚ ਤਿੰਨ ਪੰਜਾਬ, ਇੱਕ ਚੰਡੀਗੜ੍ਹ ਅਤੇ ਇੱਕ ਹਿਮਾਚਲ ਦਾ ਰਹਿਣ ਵਾਲਾ ਹੈ। ਇਨ੍ਹਾਂ ਦੀ ਪਛਾਣ ਪ੍ਰਕਾਸ਼ ਸਿੰਘ (37) ਪੁੱਤਰ ਸੁੱਚਾ ਸਿੰਘ ਵਾਸੀ ਲੰਗਾਹ ਜ਼ਿਲ੍ਹਾ ਗੁਰਦਾਸਪੁਰ (ਪੰਜਾਬ), ਅਜੈ ਕੁਮਾਰ (27) ਪੁੱਤਰ ਚਮਨ ਲਾਲ ਵਾਸੀ ਨੂਰਖੋਦੀਆਂ (ਪਟਿਆਲਾ), ਅਵਨੀ (19) ਪੁੱਤਰੀ ਸ. ਵਿਕਾਸ ਨੇਗੀ, ਪਿੰਡ ਸਾਂਗਲਾ, ਕਿਨੌਰ (ਹਿਮਾਚਲ), ਸ਼ੁਭਮ ਕੌਸ਼ਲ (26) ਪੁੱਤਰ ਸੰਦੀਪ ਕੌਸ਼ਲ ਬਲਾਕ ਏ ਸੈਕਟਰ-1 ਚੰਡੀਗੜ੍ਹ ਅਤੇ ਬਲਜਿੰਦਰਾ (22) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਨੱਡਾ ਮੋਹਾਲੀ (ਪੰਜਾਬ) ਸ਼ਾਮਲ ਹਨ।

ਇਸ ਮਾਮਲੇ ’ਤੇ ਹੁਣ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਅਕਾਲੀ ਦਲ ’ਤੇ ਵੱਡਾ ਹਮਲਾ ਕੀਤਾ ਗਿਆ ਹੈ। ਪਾਰਟੀ ਨੇ ਇਕ ਟਵੀਟ ਵਿਚ ਕਿਹਾ ਹੈ ਕਿ ’’ਆਪਣੇ ਆਪ ਨੂੰ ਅਕਾਲੀ ਦੱਸਣ ਵਾਲੇ ਸੁੱਚਾ ਸਿੰਘ ਲੰਗਾਹ ਦਾ ਮੁੰਡਾ ਸ਼ਿਮਲੇ ਚਿੱਟੇ ਨਾਲ ਫੜ੍ਹਿਆ ਗਿਆ..ਸਰਕਾਰਾਂ ‘ਚ ਹੁੰਦੇ ਹੋਏ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਤਾਂ ਖ਼ਰਾਬ ਕੀਤਾ ਹੀ ਹੈ, ਹੁਣ ਵੀ ਹਰਕਤਾਂ ਤੋਂ ਬਾਜ਼ ਨੀ ਆ ਰਹੇ..ਕੀ ਅਜਿਹੇ ਅਕਾਲੀ ਪੰਜਾਬ ਦੇ ਸਕੇ ਹੋ ਸਕਦੇ ਨੇ??

Written By
The Punjab Wire