ਪੰਜਾਬ ਮੁੱਖ ਖ਼ਬਰ

1,15,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

1,15,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
  • PublishedApril 9, 2024

ਚੰਡੀਗੜ੍ਹ, 9 ਅਪ੍ਰੈਲ, 2024 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਥਾਣਾ ਜਮਾਲਪੁਰ, ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੀ ਪੁਲਿਸ ਚੌਕੀ ਰਾਮਗੜ੍ਹ ਵਿਖੇ ਮੁੱਖ ਮੁਨਸ਼ੀ ਵਜੋਂ ਤਾਇਨਾਤ ਹੌਲਦਾਰ ਸੁਖਦੇਵ ਸਿੰਘ ਨੂੰ ਦੋ ਕਿਸ਼ਤਾਂ ਵਿੱਚ 1,15,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਨੂੰ ਜਨਕਪੁਰੀ, ਲੁਧਿਆਣਾ ਸ਼ਹਿਰ ਦੇ ਵਸਨੀਕ ਕਪਿਲ ਓਬਰਾਏ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਹੌਲਦਾਰ ਸੁਖਦੇਵ ਸਿੰਘ ਨੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਚਾਚਾ ਸਕਰੈਪ ਡੀਲਰ ਕੈਲਾਸ਼ ਗਰਗ ਨੂੰ ਪੁਲਿਸ ਚੌਕੀ ਰਾਮਗੜ੍ਹ ਵਿਖੇ ਲਿਆਂਦਾ ਅਤੇ ਚੋਰੀ ਦਾ ਸਕਰੈਪ ਸਮਾਨ ਖਰੀਦਣ ਦੇ ਬਹਾਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਲੜਕੇ ਦੀਪਕ ਗਰਗ ਤੋਂ 65,000 ਅਤੇ 50,000 ਰੁਪਏ ਦੀਆਂ ਦੋ ਕਿਸ਼ਤਾਂ ਵਿੱਚ 1,15,000 ਰੁਪਏ ਦੀ ਰਿਸ਼ਵਤ ਦੀ ਰਕਮ ਜ਼ਬਰਦਸਤੀ ਲੈ ਲਈ ਅਤੇ ਇਸ ਤੋਂ ਬਾਅਦ ਸਕਰੈਪ ਡੀਲਰ ਕੈਲਾਸ਼ ਗਰਗ ਨੂੰ ਬਿਨਾ ਕਿਸੇ ਕਾਨੂੰਨੀ ਕਾਰਵਾਈ ਕੀਤਿਆਂ ਛੱਡ ਦਿੱਤਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਰਿਹਾਲ ਨਾਮ ਦੇ ਇੱਕ ਵਿਅਕਤੀ ਦੇ ਰਿਸ਼ਤੇਦਾਰ ਸੋਬੂ ਨੇ ਉਪਰੋਕਤ ਕੈਲਾਸ਼ ਗਰਗ ਨੂੰ ਚੋਰੀ ਸਕਰੈਪ ਦਾ ਸਮਾਨ ਵੇਚਿਆ ਸੀ ਅਤੇ ਇਸ ਸਕਰੈਪ ਵੇਚ ਕੇ ਸੋਬੂ ਨੇ ਉਸ ਪਾਸੋਂ 2,82,000 ਰੁਪਏ ਦੀ ਰਕਮ ਪ੍ਰਾਪਤ ਕੀਤੀ ਸੀ।

ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਉਪਲਬਧ ਬਿਆਨਾ ਅਤੇ ਰਿਕਾਰਡਿੰਗਾਂ ਅਨੁਸਾਰ ਉਕਤ ਹੌਲਦਾਰ ਸੁਖਦੇਵ ਸਿੰਘ ਨੇ ਵੀ ਸੋਬੂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕਰਨ ਦੇ ਬਹਾਨੇ ਰਿਹਾਲ ਤੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਨੇ ਡੀਲਰ ਕੈਲਾਸ਼ ਗਰਗ ਨੂੰ ਚੋਰੀ ਦਾ ਚੂਰਾ ਵੇਚ ਕੇ 2,82,000 ਰੁਪਏ ਲਏ ਸਨ।

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਉਕਤ ਮੁਲਾਜ਼ਮ ਸੁਖਦੇਵ ਸਿੰਘ ‘ਤੇ ਰਿਸ਼ਵਤ ਦੀ ਰਕਮ ਮੰਗਣ ਅਤੇ ਸਵੀਕਾਰ ਕਰਨ ਦੇ ਦੋਸ਼ ਸਾਬਤ ਹੋ ਗਏ ਹਨ ਅਤੇ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਅਗਲੇਰੀ ਜਾਂਚ ਦੌਰਾਨ ਪੁਲਿਸ ਚੌਕੀ ਰਾਮਗੜ੍ਹ ਦੇ ਇੰਚਾਰਜ ਏ.ਐਸ.ਆਈ. ਬਰਿੰਦਰਜੀਤ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Written By
The Punjab Wire