ਉੱਘੇ ਪੰਜਾਬੀ ਲੇਖਕ ਜਸਬੀਰ ਭੁੱਲਰ ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਨੇ ਕ੍ਰਿਤੱਤਵ ਸਮੱਗਰ ਸਨਮਾਨ ਲਈ ਚੁਣਿਆ
ਚੰਡੀਗੜ੍ਹ, 20 ਮਾਰਚ 2024 (ਦੀ ਪੰਜਾਬ ਵਾਇਰ)। ਉੱਘੇ ਪੰਜਾਬੀ ਲੇਖਕ ਜਸਬੀਰ ਭੁੱਲਰ (82) ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਨੇ ਕ੍ਰਿਤੱਤਵ ਸਮੱਗਰ ਸਨਮਾਨ 2024 ਨਾਲ ਨਿਵਾਜਣ ਦਾ ਐਲਾਨ ਕੀਤਾ ਹੈ। ਇਹ ਸਨਮਾਨ ਹਰ ਸਾਲ ਭਾਰਤੀ ਭਾਸ਼ਾਵਾਂ ਦੇ ਚਾਰ ਸਿਰਕੱਢ ਨੂੰ ਦਿੱਤਾ ਜਾਂਦਾ ਹੈ। ਸਾਲ 2024 ਵਾਸਤੇ ਜਿਹਨਾਂ ਤਿੰਨ ਹੋਰ ਪ੍ਰਮੁੱਖ ਸਾਹਿਤਕਾਰਾਂ ਦੀ ਚੋਣ ਕੀਤੀ ਗਈ ਹੈ, ਉਹ ਹਨ ਐਸ. ਮੁਕੰਮਨ (ਮਲੀਆਲਮ), ਰਾਧਾ ਵੱਲਭ ਤ੍ਰਿਪਾਠੀ (ਸੰਸਕ੍ਰਿਤ) ਅਤੇ ਭਗਵਾਨ ਦਾਸ ਮੋਰਵਾਲ (ਹਿੰਦੀ)। ਪੁਰਸਕਾਰ ਸਮਾਰੋਹ 20 ਅਪ੍ਰੈਲ ਕਲਕੱਤਾ ਵਿਖੇ ਹੋਵੇਗਾ। ਸਮੱਗ੍ਰ ਸਨਮਾਨ ਵਿੱਚ ਪ੍ਰਸ਼ੰਸ਼ਾ ਪੱਤਰ, ਅੰਗਵਸਤਰ ਅਤੇ 1 ਲੱਖ ਰੁਪਏ ਦੀ ਰਕਮ ਸ਼ਾਮਿਲ ਹੁੰਦੀ ਹੈ।
ਭਾਰਤੀ ਭਾਸ਼ਾ ਪ੍ਰੀਸ਼ਦ 1975 ਤੋਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੇ ਪਸਾਰ ਤੇ ਵਿਕਾਸ ਲਈ ਕੰਮ ਕਰਦੀ ਆ ਰਹੀ ਹੈ। ਸਮੱਗਰ ਸਨਮਾਨ ਇਸ ਨੇ 1980 ਤੋਂ ਸ਼ੁਰੂ ਕੀਤੇ। ਇਸ ਦੇ ਨਾਲ ਹੀ ਯੂਵਾ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਚਾਰ ਯੂਵਾ ਪੁਰਸਕਾਰ ਵੀ ਦਿੱਤੇ ਜਾਂਦੇ ਹਨ ਜਿਹਨਾਂ ਵਿੱਚ 51-51 ਹਜ਼ਾਰ ਦੀ ਰਾਸ਼ੀ ਸ਼ਾਮਲ ਹੁੰਦੀ ਹੈ।
ਜਸਬੀਰ ਭੁੱਲਰ ਜੋ ਸੇਵਾ ਮੁਕਤ ਕਰਨਲ ਹਨ, ਮੋਹਾਲੀ ਵਿਚ ਰਹਿੰਦੇ ਹਨ, ਉਹ ਬਹੁ-ਵਿਧਾਈ ਲੇਖਕ ਹਨ ਜਿਹਨਾਂ ਨੇ ਕਹਾਣੀਆਂ , ਨਾਵਲਾਂ, ਕਾਵਿ ਸੰਗ੍ਰਿਹਾਂ, ਨਿਬੰਧ ਸੰਗ੍ਰਿਹਾਂ ਅਤੇ ਬਾਲ ਸਾਹਿਤ ਦੀਆਂ ਤਿੰਨ ਦਰਜਣ ਤੋਂ ਵੱਧ ਪੁਸਤਕਾਂ ਨਾਲ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕੀਤਾ ਹੈ। ਉਹ ਭਾਰਤੀ ਸਾਹਿਤ ਅਕਾਦਮੀ, ਭਾਸ਼ਾ ਵਿਭਾਗ, ਪੰਜਾਬ, ਪੰਜਾਬ ਕਲਾ ਪਰਿਸ਼ਦ ਅਤੇ ਕਈ ਹੋਰ ਉੱਘੀਆਂ ਸਾਹਿਤਕ ਸੰਸਥਾਵਾਂ ਵੱਲੋਂ ਪਹਿਲਾਂ ਦੀ ਇਹਨਾਂ ਇਨਾਮਾਂ, ਸਨਮਾਨਾਂ ਨਾਲ ਨਿਵਾਜੇ ਜਾ ਚੁੱਕੇ ਹਨ