ਗੁਰਦਾਸਪੁਰ

ਬੀ.ਜੇ.ਪੀ ਹਕੂਮਤ ਦੇ ਇਸ਼ਾਰੇ ਤੇ ਹਰਿਆਣਾ ਪੰਜਾਬ ਬਾਰਡਰ ਤੇ ਬੈਠੇ ਕਿਸਾਨਾਂ ਤੇ ਕੀਤੇ ਜ਼ਬਰ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਾਰਿਆ ਹਾਅ ਦਾ ਨਾਅਰਾ

ਬੀ.ਜੇ.ਪੀ ਹਕੂਮਤ ਦੇ ਇਸ਼ਾਰੇ ਤੇ ਹਰਿਆਣਾ ਪੰਜਾਬ ਬਾਰਡਰ ਤੇ ਬੈਠੇ ਕਿਸਾਨਾਂ ਤੇ ਕੀਤੇ ਜ਼ਬਰ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਾਰਿਆ ਹਾਅ ਦਾ ਨਾਅਰਾ
  • PublishedFebruary 29, 2024

ਸ਼ਹੀਦ ਕਿਸਾਨ ਸੁਭਕਰਨ ਦੇ ਕਾਤਲਾਂ ਨੂੰ ਮਿਸਾਲੀ ਸਜ਼ਾਵਾਂ ਦੇਣ ਦੀ ਕੀਤੀ ਮੰਗ

ਗੁਰਦਾਸਪੁਰ 29 ਫਰਵਰੀ 2024 (ਦੀ ਪੰਜਾਬ ਵਾਇਰ)। ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਨਹਿਰੂ ਪਾਰਕ ਗੁਰਦਾਸਪੁਰ ਵਿਖੇ ਸੈਂਕੜੇ ਕਿਸਾਨਾਂ ਨੇ ਇਕਠੇ ਹੋ ਕੇ ਤਿਰਲੋਕ ਸਿੰਘ ਬਹਿਰਾਮਪੁਰ, ਸਤਿਬੀਰ ਸਿੰਘ ਸੁਲਤਾਨੀ, ਅਨੋਖ ਸਿੰਘ ਘੋੜੇਬਾਹ ਦੀ ਅਗਵਾਈ ਹੇਠ ਰੋਸ ਰੈਲੀ ਕਰਕੇ ਬੀਜੇਪੀ ਹਕੂਮਤ ਵੱਲੋਂ ਹਰਿਆਣਾ ਪੰਜਾਬ ਦੇ ਬਾਰਡਰ ਉੱਤੇ ਕਿਸਾਨਾਂ ਤੇ ਕੀਤੇ ਜ਼ਬਰ ਜ਼ੁਲਮ ਦੀ ਨਿਖੇਦੀ ਕੀਤੀ ਗਈ ਅਤੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਗ੍ਰਹਿ ਮੰਤਰੀ ਅਨਿਲ ਵਿਜ ਦੇ ਇਸ਼ਾਰੇ ਤੇ ਪੰਜਾਬ ਦੀ ਹਦੂਦ ਅੰਦਰ ਆਕੇ ਨੌਜਵਾਨ ਸੁਭਕਰਨ ਤੇ ਹਰਿਆਣਾ ਪੁਲਿਸ ਵੱਲੋਂ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ।

ਨਹਿਰੂ ਪਾਰਕ ਤੋਂ ਪੁਰਾਣੇ ਬੱਸ ਸਟੈਂਡ ਤੱਕ ਰੋਸ ਮੁਜਾਹਰਾ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦਾ ਕੱਚਾ ਚਿੱਠਾ ਪੇਸ਼ ਕੀਤਾ। ਉਹਨਾਂ ਦੱਸਿਆ ਕਿ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਿੱਚ ਭੁਗਤਣ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਖ਼ਤਮ ਕਰਨ ਲਈ ਕਾਲੇ ਕਾਨੂੰਨਾਂ ਦਾ ਆਸਰਾ ਲਿਆ ਜਾ ਰਿਹਾ ਹੈ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਹਿਣ ਵਾਲੇ ਕੇਂਦਰੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੀ ਹੱਦ ਪਾਰ ਕਰਨ ਤੋਂ ਰੋਕਣ ਲਈ ਕੰਡਿਆਲੀ ਤਾਰ, ਲੋਹੇ ਦੇ ਕਿਲਾਂ ਅਤੇ ਡ੍ਰੋਨ ਅੱਥਰੂ ਗੈਸ ਦੇ ਬੰਬਾਂ ਦਾ ਪ੍ਰਯੋਗ ਕਰਕੇ ਰਬੜ ਦੀਆਂ ਗੋਲੀਆਂ ਅਤੇ ਵਾਟਰ ਕੈਨਨ ਦਾ ਬੇਤਹਾਸ਼ਾ ਪ੍ਰਯੋਗ ਕਰਦੇ ਹੋਏ ਸੈਂਕੜੇ ਕਿਸਾਨਾਂ ਨੂੰ ਜ਼ਖ਼ਮੀ ਕਰਦੀ ਹੈ। ਪੰਜਾਬ ਦੀ ਹਦੂਦ ਅੰਦਰ ਆਕੇ ਕਿਸਾਨਾਂ ਦੇ ਟਰੈਕਟਰ, ਕਾਰਾਂ ਅਤੇ ਹੋਰ ਸਾਧਨਾਂ ਦਾ ਮਲੀਆਮੇਟ ਕਰ ਕੇ ਫਾਸ਼ੀਵਾਦੀ ਸੋਚ ਦਾ ਪ੍ਰਗਟਾਵਾ ਕਰਦਿਆਂ ਨੌਜਵਾਨ ਸੁਭਕਰਨ ਨੂੰ ਗੋਲੀਆਂ ਮਾਰਕੇ ਸ਼ਹੀਦ ਕਰਦੀ ਹੈ। ਇਸ ਲਈ ਅੱਜ ਸਾਰੇ ਪੰਜਾਬ ਅੰਦਰ ਰੋਸ ਪ੍ਰਦਰਸ਼ਨ ਕਰ ਕੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਸੁਭਕਰਨ ਦੇ ਕਾਤਲਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਸੁਭਕਰਨ ਨੂੰ ਸ਼ਹੀਦ ਦਾ ਦਰਜਾ ਦੇ ਕੇ ਸਾਰੀਆਂ ਸਹੂਲਤਾਂ ਦਿਤੀਆਂ ਜਾਣ। ਇਸ ਸਾਰੀ ਘਟਨਾ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ। ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿਚ ਸਤਨਾਮ ਸਿੰਘ ਭਗਵਾਨਪੁਰ,ਦਲਜੀਤ ਸਿੰਘ ਤਲਵੰਡੀ, ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ, ਚੰਨਣ ਸਿੰਘ ਦੁਰਾਗਲਾ, ਸਾਗਰ ਸਿੰਘ ਭੋਲਾ, ਸੁਖਦੇਵ ਰਾਜ ਬਹਿਰਾਮਪੁਰ, ਸਤਨਾਮ ਸਿੰਘ ਮਾਨੇਪੁਰ, ਅਮਰਜੀਤ ਸ਼ਾਸਤਰੀ, ਅਮਰ ਕ੍ਰਾਂਤੀ ਸਰਪੰਚ ਦਲਬੀਰ ਸਿੰਘ, ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।

Written By
The Punjab Wire