ਖੇਡ ਸੰਸਾਰ ਗੁਰਦਾਸਪੁਰ

ਖੇਲੋ ਇੰਡੀਆ ਯੂਨੀਵਰਸਿਟੀ ਜੂਡੋ ਚੈਂਪੀਅਨਸ਼ਿਪ ਗੋਹਾਟੀ ਆਸਾਮ ਵਿਖੇ ਜੂਡੋ ਸੈਂਟਰ ਗੁਰਦਾਸਪੁਰ ਦੇ ਖਿਡਾਰੀ ਛਾਏ

ਖੇਲੋ ਇੰਡੀਆ ਯੂਨੀਵਰਸਿਟੀ ਜੂਡੋ ਚੈਂਪੀਅਨਸ਼ਿਪ ਗੋਹਾਟੀ ਆਸਾਮ ਵਿਖੇ ਜੂਡੋ ਸੈਂਟਰ ਗੁਰਦਾਸਪੁਰ ਦੇ ਖਿਡਾਰੀ ਛਾਏ
  • PublishedFebruary 29, 2024

4 ਖਿਡਾਰੀਆਂ ਨੇ ਮੈਡਲ ਜਿੱਤਕੇ ਪੰਜਾਬ ਦਾ ਨਾਂ ਕੀਤਾ ਰੋਸ਼ਨ

ਗੁਰਦਾਸਪੁਰ 29 ਫਰਵਰੀ 2024 (ਦੀ ਪੰਜਾਬ ਵਾਇਰ)। ਸਰਬ ਭਾਰਤੀ ਯੂਨੀਵਰਸਿਟੀ ਖੇਲੋ ਇੰਡੀਆ ਜੂਡੋ ਮੁਕਾਬਲੇ 26 ਫਰਵਰੀ ਤੋਂ 29 ਫਰਵਰੀ ਤੱਕ ਗੋਹਾਟੀ ਆਸਾਮ ਵਿਖੇ ਹੋ ਰਹੀਆਂ ਹਨ । ਇਸ ਵਿੱਚ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਪੰਜ ਖਿਡਾਰੀਆਂ ਨੇ ਵੱਖ ਵੱਖ ਕਾਲਜਾਂ ਯੂਨੀਵਰਸਿਟੀਆਂ ਦੀ ਅਗਵਾਈ ਹੇਠ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ 4 ਮੈਡਲ ਜਿੱਤਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ।

ਇਹਨਾਂ ਖਿਡਾਰੀਆਂ ਵਿੱਚ ਐਸ ਐਸ ਐਮ ਕਾਲਜ ਦੀਨਾਨਗਰ ਦੇ ਤਿੰਨ ਖਿਡਾਰੀਆਂ ਗੁਰਪ੍ਰੀਤ ਸਿੰਘ ਨੇ ਸਿਲਵਰ ਮੈਡਲ, ਨਿਤਨ ਕੁਮਾਰ , ਮਾਨਵ ਸ਼ਰਮਾ ਨੇ ਬਰਾਉਨਜ ਮੈਡਲ ਜਿੱਤਿਆ ਹੈ ਜਦੋਂ ਕਿ ਇਸੇ ਕਾਲਜ ਦਾ ਖਿਡਾਰੀ ਕੇਤਨ ਸ਼ਰਮਾ ਭਾਰਤ ਭਰ ਵਿੱਚ ਪੰਜਵੇਂ ਸਥਾਨ ਤੇ ਆਇਆ।

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦਾ ਹੋਣਹਾਰ ਖਿਡਾਰੀ ਪਰਮਜੀਤ ਸਿੰਘ ਮਾਨ ਨੇ 90 ਕਿਲੋ ਭਾਰ ਵਰਗ ਬਰਾਉਨਜ ਮੈਡਲ ਜਿੱਤਣ ਵਿਚ ਕਾਮਯਾਬੀ ਪ੍ਰਾਪਤ ਕੀਤੀ। ਟੀਮ ਕੋਚ ਰਵੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਫਾਈਨਲ ਵਿੱਚ ਗੋਲਡ ਮੈਡਲ ਲਈ ਬਹੁਤ ਸੰਘਰਸ਼ ਕੀਤਾ ਪਰ ਅਚਾਨਕ ਸੱਟ ਲੱਗਣ ਕਾਰਨ ਉਹ ਸੋਨ ਤਗਮਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾ ਸਕਿਆ। ਪਰ ਫਿਰ ਵੀ ਆਖ਼ਿਰੀ ਸਕਿੰਟ ਤੱਕ ਜਿੱਤ ਲਈ ਸੰਘਰਸ਼ ਕਰਨ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰਪ੍ਰੀਤ ਸਿੰਘ ਆਉਣ ਵਾਲੇ ਸਮੇਂ ਵਿੱਚ 73 ਕਿਲੋ ਭਾਰ ਵਰਗ ਵਿੱਚ ਭਾਰਤ ਦਾ ਨੰਬਰ ਵਨ ਖਿਡਾਰੀ ਹੋਵੇਗਾ।

ਇਸੇ ਤਰ੍ਹਾਂ ਚਾਰ ਸਾਲ ਕਨੇਡਾ ਦੀ ਧਰਤੀ ਤੇ ਪਰਵਾਸ ਕੱਟ ਕੇ ਮੁੜ ਵਤਨੀ ਵਾਪਸ ਪਰਤਣ ਵਾਲਾ ਪਰਮਜੀਤ ਸਿੰਘ ਮੁੜ ਪੈਰਾਂ ਸਿਰ ਹੋ ਰਿਹਾ ਹੈ। ਕੋਚ ਰਵੀ ਕੁਮਾਰ ਨੂੰ ਉਸ ਦੇ ਤੀਜੇ ਸਥਾਨ ਤੇ ਆਉਣ ਦੀ ਤੱਸਲੀ ਹੈ। ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸੈਂਟਰ ਨੂੰ ਨਵੇਂ ਜੂਡੋ ਮੈਟ ਸਪਲਾਈ ਕਰਨ ਦੀ ਖੇਚਲ਼ ਕੀਤੀ ਜਾਵੇ ਅਤੇ ਸੈਂਟਰ ਦੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਉਹਨਾਂ ਦੀ ਲੱਖਾਂ ਰੁਪਏ ਦੀ ਇਨਾਮੀ ਰਾਸ਼ੀ ਜਾਰੀ ਕੀਤੀ ਜਾਵੇ।

ਐਸ ਐਸ ਐਮ ਕਾਲਜ ਦੇ ਪ੍ਰਿੰਸੀਪਲ ਸ੍ਰੀ ਆਰ ਕੇ ਤੁਲੀ ਅਤੇ ਖੇਡ ਵਿਭਾਗ ਦੇ ਮੁਖੀ ਮੁੱਖ ਵਿੰਦਰ ਸਿੰਘ ਰੰਧਾਵਾ ਨੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਆਸ ਪ੍ਰਗਟਾਈ ਹੈ । ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਜੂਡੋ ਵੈਲਫੇਅਰ ਸੁਸਾਇਟੀ ਦੇ ਮੈਂਬਰ ਸਤੀਸ਼ ਕੁਮਾਰ, ਵਰਿੰਦਰ ਸਿੰਘ ਸੰਧੂ, ਕਪਿਲ ਕੌਂਸਲ , ਰਾਜ ਕੁਮਾਰ, ਮੁਖਵਿੰਦਰ ਸਿੰਘ ਜਤਿੰਦਰ ਪਾਲ ਸਿੰਘ, ਨਵੀਨ ਸਲ ਗੋਤਰਾ, ਸਤਿੰਦਰ ਪਾਲ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਬਲਵਿੰਦਰ ਕੌਰ, ਮਿਤਰਵਾਸੂ ਸ਼ਰਮਾ, ਦਿਨੇਸ਼ ਕੁਮਾਰ ਜੂਡੋ ਕੋਚ, ਅਤੁਲ ਕੁਮਾਰ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।

Written By
The Punjab Wire