ਚੰਡੀਗੜ੍ਹ, 20 ਫਰਵਰੀ 2024 (ਦੀ ਪੰਜਾਬ ਵਾਇਰ)। ਸੁਪਰੀਮ ਕੋਰਟ ਵੱਲੋਂ ਸੁਪਰੀਮ ਫੈਸਲਾ ਦੇ ਦਿੱਤਾ ਗਿਆ ਹੈ ਜਿਸ ਨਾਲ ਭਾਜਪਾ ਨੂੰ ਵੱਡਾ ਝੱਟਕਾ ਲੱਗਾ ਹੈ। ਮਾਨਯੋਗ ਕੋਰਟ ਵੱਲੋਂ ਨੇ ‘ਆਪ’ ਕੌਂਸਲਰ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਐਲਾਨ ਦਿੱਤਾ ਹੈ। ਜਦਕਿ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਦੁਆਰਾ ਐਲਾਨੇ ਗਏ ਭਾਜਪਾ ਉਮੀਦਵਾਰ ਦੀ ਚੋਣ ਨੂੰ ਰੱਦ ਕਰ ਦਿੱਤਾ।
ਐਤਵਾਰ ਰਾਤ ਤੱਕ ਸਿਆਸੀ ਹਲਕਿਆਂ ਵਿੱਚ ਚਰਚਾ ਸੀ ਕਿ ਭਾਜਪਾ ਇੱਕ ਵਾਰ ਫਿਰ ਮੇਅਰ ਬਣਾਉਣ ਵਿੱਚ ਕਾਮਯਾਬ ਹੋਵੇਗੀ। ਮਨੋਜ ਸੋਨਕਰ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਜੋ ਮੁੜ ਚੋਣ ਕਰਵਾਈ ਜਾ ਸਕੇ। ਚੋਣਾਂ ‘ਚ ਬਹੁਮਤ ਸਾਬਤ ਕਰਨ ਲਈ ਭਾਜਪਾ ਨੇ ‘ਆਪ’ ਦੇ ਤਿੰਨ ਕੌਂਸਲਰਾਂ ਨੂੰ ਐਤਵਾਰ ਦੇਰ ਰਾਤ ਪਾਰਟੀ ‘ਚ ਸ਼ਾਮਲ ਕਰ ਲਿਆ। ਪਰ ਸੁਪਰੀਮ ਕੋਰਟ ਨੇ ਸਾਰੀ ਖੇਡ ਹੀ ਬਦਲ ਦਿੱਤੀ।
ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ ਹੋਈ। ਅਦਾਲਤ ਨੇ 30 ਜਨਵਰੀ ਨੂੰ ਹੋਈ ਵੋਟਿੰਗ ਦੇ ਬੈਲਟ ਪੇਪਰਾਂ ਦੀ ਜਾਂਚ ਕੀਤੀ। SC ਨੇ ਫਿਰ ਕਿਹਾ ਕਿ ‘ਆਪ’ ਉਮੀਦਵਾਰ ਦੇ ਹੱਕ ‘ਚ ਪਈਆਂ ਅੱਠ ਵੋਟਾਂ ‘ਤੇ ਵਾਧੂ ਨਿਸ਼ਾਨ ਸਨ। ਅਦਾਲਤ ਨੇ ਕਿਹਾ ਕਿ ਨਿਸ਼ਾਨਬੱਧ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਜੇਤੂ ਦਾ ਨਾਂ ਐਲਾਨਿਆ ਜਾਵੇਗਾ। ਅਦਾਲਤ ਦੀ ਟਿੱਪਣੀ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਜਸ਼ਨ ਸ਼ੁਰੂ ਹੋ ਗਏ ਹਨ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ।