ਸੂਬੇ ਭਰ ਵਿੱਚ 12 ਫਰਵਰੀ ਤੋਂ ਚਲ ਰਹੀ ਕਲਮਛੋੜ ਹੜਤਾਲ ਹੁਣ 18 ਫਰਵਰੀ ਤੱਕ ਅੱਗੇ ਵਧੀ, ਤਰਨਤਾਰਨ ਜਿਲ੍ਹੇ ਅੰਦਰ 23 ਫਰਵਰੀ ਤੱਕ ਹੋਇਆ ਇਜ਼ਾਫਾ
ਡਿਪਟੀ ਕਮਿਸ਼ਨਰ, ਤਰਨ ਤਾਰਨ ਦੀ ਬਦਲੀ ਕਰਨ ਸੰਬੰਧੀ ਦੀ ਪੰਜਾਬ ਰਾਜ ਜਿਲ੍ਹਾ (ਡੀ.ਸੀ) ਦਫ਼ਤਰ ਕਰਮਚਾਰੀ ਯੂਨੀਅਨ ਨੇ ਰੱਖੀ ਮੰਗ
ਚੰਡੀਗੜ੍ਹ, 14 ਫਰਵਰੀ 2024 (ਦੀ ਪੰਜਾਬ ਵਾਇਰ)। ਡੀ.ਸੀ ਦਫ਼ਤਰ ਤਰਨਤਾਰਨ ਦੇ ਕਰਮਚਾਰੀਆਂ ਦੀਆਂ ਵਾਰ-ਵਾਰ ਬਦਲੀਆਂ ਕਰਨ ਦੇ ਰੋਸ਼ ਵਜੋਂ ਦੀ ਪੰਜਾਬ ਰਾਜ ਜਿਲ੍ਹਾ (ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਕੜ੍ਹਾ ਨੋਟਿਸ ਲੈਂਦੇ ਹੋਏ ਸੂਬੇ ਭਰ ਅੰਦਰ ਚਲ ਰਹੀ ਕਲਮਛੋੜ ਹੜਤਾਲ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯੁਨੀਅਨ ਵੱਲੋਂ ਡੀਸੀ ਤਰਨਤਾਰਨ ਦੀ ਬਦਲੀ ਕਰਨ ਦੀ ਮੰਗ ਵੀ ਰੱਖੀ ਗਈ ਹੈ।
ਇਸ ਸਬੰਧੀ ਦੀ ਪੰਜਾਬ ਰਾਜ ਜਿਲ੍ਹਾ (ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ, ਮਾਲ ਅਤੇ ਮੁੜ ਵਸੇਬਾ ਮੰਤਰੀ, ਵਿਸ਼ੇਸ਼ ਮੁੱਖ ਸੱਕਤਰ -ਕਮ- ਵਿੱਤ ਵਿਭਾਗ, ਸਮੂਹ ਮੰਡਲ ਕਮਿਸ਼ਨਰ ਅਤੇ ਸਮੂਹ ਡੀਸੀ ਪੰਜਾਬ ਦੇ ਨਾਮ ਪੱਤਰ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਦਫਤਰ ਦੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਦੀ ਨੀਤੀ ਦਾ ਸਮਾਂ ਖਤਮ ਹੋਣ ਦੇ ਬਾਵਜੂਦ ਵਾਰ-ਵਾਰ ਬਦਲੀਆਂ ਕੀਤੀਆ ਜਾ ਰਹੀਆਂ ਹਨ, ਜਿਸ ਨਾਲ ਕਰਮਚਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀ.ਸੀ. ਦਫਤਰ ਤਰਨ ਤਾਰਨ ਦੇ ਕਰਮਚਾਰੀਆਂ ਦੀਆਂ 10 ਮਹੀਨੇ ਵਿੱਚ 20-22 ਵਾਰ ਬਦਲੀਆਂ ਕੀਤੀਆਂ ਜਾ ਚੁੱਕੀਆਂ ਹਨ।
ਇਸ ਸਬੰਧੀ ਮਾਨਯੋਗ ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ, ਪੰਜਾਬ ਜੀ ਨਾਲ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂਆਂ ਦੀ ਮਿਤੀ 08 ਫਰਵਰੀ 2024 ਨੂੰ ਹੋਈ ਮੀਟਿੰਗ ਵਿੱਚ ਵੀ ਗੱਲਬਾਤ ਹੋਈ ਸੀ। ਪਰ ਮਸਲਾ ਹੱਲ ਨਾ ਹੋਣ ਕਰਕੇ ਸੂਬੇ ਦੇ ਸਮੂਹ ਡੀ.ਸੀ. ਦਫਤਰਾਂ ਦੇ ਕਰਮਚਾਰੀ ਮਿਤੀ 12-02-2024 ਤੋਂ 14-02-2024 ਤੱਕ ਕਲਮਛੋੜ ਹੜਤਾਲ ਤੇ ਰਹੇ।
ਪਰ ਫਿਰ ਵੀ ਮਸਲਾ ਹੱਲ ਨਾ ਹੋਣ ਕਰਕੇ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਅਤੇ ਜਿਲ੍ਹਾ ਆਗੂਆਂ ਦੀ ਮਿਤੀ 14-02-2024 ਨੂੰ ਸੂਬਾ ਪੱਧਰੀ ਹੋਈ ਵਰਚੂਅਲ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਪੂਰੇ ਸੂਬੇ ਦੇ ਡੀ.ਸੀ. ਦਫਤਰਾਂ ਵਿੱਚ ਚੱਲ ਰਹੀ ਕਲਮਛੋੜ ਹੜਤਾਲ ਵਿੱਚ ਮਿਤੀ 18-02-2024 ਤੱਕ ਵਾਧਾ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਜਿਲ੍ਹਾ ਤਰਨ ਤਾਰਨ ਵਿੱਚ ਲਗਾਤਾਰ ਮਿਤੀ 23-02-2024 ਤੱਕ ਮੁਕੰਮਲ ਕਲਮਛੋੜ ਹੜਤਾਲ ਰਹੇਗੀ।
ਯੂਨਿਅਨ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਇਸ ਅਧਿਕਾਰੀ ਦੀ ਜਿਲ੍ਹਾ ਤਰਨ ਤਾਰਨ ਵਿੱਚ ਤੈਨਾਤੀ ਰਹੇਗੀ, ਤਾਂ ਇਸ ਅਧਿਕਾਰੀ ਦਾ ਆਪਣੇ ਹੀ ਦਫਤਰ ਦੇ ਕਰਮਚਾਰੀਆਂ ਨਾਲ ਚੰਗਾ ਤਾਲਮੇਲ ਨਾ ਹੋਣ ਕਰਕੇ ਜਿਲ੍ਹਾ ਤਰਨ ਤਾਰਨ ਵਿੱਚ ਚੋਣਾਂ ਦਾ ਕੰਮ ਪ੍ਰਭਾਵਿਤ ਹੋਵੇਗਾ। ਇਸ ਲਈ ਜੱਥੇਬੰਦੀ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਇਸ ਅਧਿਕਾਰੀ ਦੀ ਜਿਲ੍ਹਾ ਤਰਨ ਤਾਰਨ ਵਿੱਚੋਂ ਬਦਲੀ ਕੀਤੀ ਜਾਵੇ।