ਅਬਾਦ ਹੁਨਰ ਹੱਟ ਵਿੱਚ ਸਵੈ ਸਹਾਇਤਾ ਸਮੂਹਾਂ ਵੱਲੋਂ ਵੇਚਿਆ ਜਾਂਦਾ ਸਮਾਨ ਕੁਆਲਿਟੀ ਪੱਖੋਂ ਸਭ ਤੋਂ ਬਿਹਤਰ ਅਤੇ ਬਜ਼ਾਰ ਨਾਲੋਂ ਸਸਤਾ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਬਾਦ ਹੁਨਰ ਹੱਟ ਤੋਂ ਸਮਾਨ ਖ਼ਰੀਦਣ ਦੀ ਅਪੀਲ ਕੀਤੀ
ਗੁਰਦਾਸਪੁਰ, 12 ਜਨਵਰੀ 2024 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ‘ਅਬਾਦ ਹੁਨਰ ਹੱਟ’ ਤੋਂ ਖ਼ਰੀਦਦਾਰੀ ਕੀਤੀ ਗਈ। ਉਨ੍ਹਾਂ ਨੇ ਅਬਾਦ ਹੁਨਰ ਹੱਟ ਤੋਂ ਸ਼ਹਿਦ, ਅਚਾਰ, ਮੁਰੱਬਾ ਸਮੇਤ ਹੋਰ ਘਰੇਲੂ ਵਰਤੋਂ ਦਾ ਸਮਾਨ ਖ਼ਰੀਦਿਆ। ਇਸ ਮੌਕੇ ਉਨ੍ਹਾਂ ਨੇ ਅਬਾਦ ਹੁਨਰ ਹੱਟ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਵੀ ਲਿਆ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅਬਾਦ ਹੁਨਰ ਹੱਟ ਵਿੱਚ ਵੇਚਿਆ ਜਾਂਦਾ ਸਾਰਾ ਸਮਾਨ ਜ਼ਿਲ੍ਹੇ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਮਿਹਨਤੀ ਸਵਾਣੀਆਂ ਵੱਲੋਂ ਆਪਣੇ ਘਰਾਂ ਵਿੱਚ ਤਿਆਰ ਕੀਤਾ ਜਾਂਦਾ ਹੈ, ਜਿਸ ਦੀ ਕੁਆਲਿਟੀ ਬਹੁਤ ਵਧੀਆ ਹੋਣ ਦੇ ਨਾਲ ਕੀਮਤਾਂ ਵੀ ਬਹੁਤ ਵਾਜਬ ਹਨ।
ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਵੱਲੋਂ ਪਿੰਡਾਂ ਵਿੱਚ ਘਰੇਲੂ ਜ਼ਰੂਰਤ ਦਾ ਸਮਾਨ ਬਣਾਇਆ ਜਾ ਰਿਹਾ ਸੀ ਪਰ ਉਹਦੀ ਮਾਰਕੀਟਿੰਗ ਨਾ ਹੋਣ ਕਰਕੇ ਸਵੈ ਸਹਾਇਤਾ ਸਮੂਹਾਂ ਨੂੰ ਪੂਰਾ ਲਾਭ ਨਹੀਂ ਸੀ ਮਿਲ ਪਾਉਂਦਾ। ਇਸ ਲਈ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਵੇਚਣ ਲਈ ਪਲੇਟਫ਼ਾਰਮ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਗੁਰਦਾਸਪੁਰ ਸਥਿਤ ਦਫ਼ਤਰ ਕੋਲ ‘ਅਬਾਦ ਹੁਨਰ ਹੱਟ’ ਦੀ ਸਥਾਪਨਾ ਕੀਤੀ ਗਈ ਹੈ, ਜੋ ਕਿ ਮਾਰਕੀਟਿੰਗ ਦੇ ਪੱਖ ਤੋਂ ਬਹੁਤ ਅਹਿਮ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਬਾਦ ਹੁਨਰ ਹੱਟ ਨੇ ਗੁਰਦਾਸਪੁਰ ਸ਼ਹਿਰ ਵਿੱਚ ਬਹੁਤ ਥੋੜ੍ਹੇ ਸਮੇਂ ਅੰਦਰ ਆਪਣੀ ਮਾਰਕਿਟ ਬਣਾ ਲਈ ਹੈ ਅਤੇ ਲੋਕਾਂ ਵੱਲੋਂ ਇੱਥੋਂ ਵੱਖ-ਵੱਖ ਉਤਪਾਦਾਂ ਨੂੰ ਖ਼ਰੀਦਣ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਨਾਲ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅਬਾਦ ਹੁਨਰ ਹੱਟ ਨੂੰ ਇੱਕ ਸ਼ੋਅਰੂਮ ਵਾਂਗ ਬਣਾਇਆ ਗਿਆ ਹੈ ਅਤੇ ਇਸ ਦਾ ਪ੍ਰਬੰਧ ਚਲਾਉਣ ਲਈ ਇੱਕ ਸੇਲਜ਼ ਮੈਨੇਜਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਬਾਦ ਹੁਨਰ ਹੱਟ ’ਚ ਸਮਾਨ ਵੇਚਣ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਸਮਾਨ ਦੀ ਬਰੈਂਡਿੰਗ, ਰਜਿਸਟਰੇਸ਼ਨ ਅਤੇ ਪ੍ਰਮੋਸ਼ਨ ਦਾ ਕੰਮ ਵੀ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਬਾਦ ਹੁਨਰ ਹੱਟ ਵਿੱਚ ਘਰੇਲੂ ਵਰਤੋਂ ਦੇ 50 ਤੋਂ ਵੱਧ ਉਤਪਾਦਾਂ ਦੀ ਵਿੱਕਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਮੁਰੱਬਾ, ਅਚਾਰ, ਗੁੜ, ਸ਼ੱਕਰ, ਸਰ੍ਹੋਂ ਦਾ ਤੇਲ, ਸ਼ਹਿਦ, ਕੋਧਰੇ ਦਾ ਆਟਾ, ਹੈਂਡ ਵਾਸ਼, ਡਾਲੀਆ, ਗਿਰੀ ਦਾ ਤੇਲ, ਹਲਦੀ, ਸੇਵੀਆਂ, ਚੌਲ, ਸਾਬਣ, ਸਰਫ਼, ਟੂਥਪੇਸਟ, ਫਨਾਇਲ ਦਾ ਤੇਲ, ਕਿਚਨ ਮਸਾਲਾ, ਲੱਕੜ ਦੇ ਵੱਖ-ਵੱਖ ਖਿਡੌਣੇ, ਪੱਖੀਆਂ, ਜੂਟ ਦੇ ਬੈਗ, ਫੁਲਕਾਰੀਆਂ, ਬਾਗ, ਸਜਾਵਟ ਦਾ ਸਮਾਨ, ਲੇਡੀਜ਼ ਪਰਸ, ਹੱਥੀਂ ਤਿਆਰ ਕੀਤੇ ਊਨੀ ਤੇ ਸੂਤੀ ਕੱਪੜੇ, ਸਜਾਵਟੀ ਫੁੱਲ, ਡੈਕੋਰੇਸ਼ਨ ਦਾ ਸਮਾਨ, ਰੰਗ-ਬਿਰੰਗੇ ਹਾਰ, ਸਜਾਵਟੀ ਤਸਵੀਰਾਂ ਸਮੇਤ ਘਰੇਲੂ ਵਰਤੋਂ ਦਾ ਹੋਰ ਸਮਾਨ ਵੀ ਵੇਚਿਆ ਜਾਂਦਾ ਹੈ। ਇਸ ਤੋਂ ਇਲਾਵਾ ਤਿਉਹਾਰਾਂ ਅਤੇ ਸੀਜ਼ਨ ਦੀ ਮੰਗ ਅਨੁਸਾਰ ਵੀ ਸਮਾਨ ਦੀ ਵਿੱਕਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਹੜੀ ਦੇ ਤਿਉਹਾਰ ਮੌਕੇ ਅਬਾਦ ਹੁਨਰ ਹੱਟ ਵਿੱਚ ਪਤੰਗਾਂ ਅਤੇ ਦੇਸੀ ਧਾਗੇ ਦੀ ਡੋਰ ਵੀ ਵਿੱਕਰੀ ਲਈ ਰੱਖੀ ਗਈ ਹੈ। ਉਨ੍ਹਾਂ ਗੁਰਦਾਸਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰੇਲੂ ਸਮਾਨ ਵਰਤੋਂ ਦਾ ਸਮਾਨ ਖ਼ਰੀਦਣ ਲਈ ਅਬਾਦ ਹੁਨਰ ਹੱਟ ਨੂੰ ਤਰਜੀਹ ਦੇਣ ਕਿਉਂਕਿ ਇੱਥੇ ਸਮਾਨ ਸਸਤਾ ਹੋਣ ਦੇ ਨਾਲ ਕੁਆਲਿਟੀ ਪੱਖੋਂ ਬਹੁਤ ਵਧੀਆ ਹੈ।