ਅੰਮ੍ਰਿਤਸਰ ਵਿਖੇ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਦੇ ਅਹਿਮ ਮਸਲੇ ਉਠਾਏ
ਕਿਰਨ ਨਾਲੇ ਨੂੰ ਸਿੱਧਾ ਕਰਨ ਅਤੇ ਨਬੀਪੁਰ ਡਰੇਨ ਨੂੰ ਪੱਕਿਆਂ ਕਰਨ ਦੀ ਮੰਗ ਰੱਖੀ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਸ੍ਰੀ ਬਹਿਲ ਨੂੰ ਭਰੋਸਾ ਦਿੱਤਾ
ਗੁਰਦਾਸਪੁਰ, 9 ਜਨਵਰੀ 2024 (ਦੀ ਪੰਜਾਬ ਵਾਇਰ )। ਸੂਬੇ ਦੇ ਸੂਚਨਾ ਤੇ ਲੋਕ ਸੰਪਰਕ, ਖਣਨ ਤੇ ਭੂ-ਵਿਗਿਆਨ, ਭੂਮੀ ਤੇ ਜਲ ਸੰਭਾਲ ਅਤੇ ਜਲ ਸਰੋਤ, ਸੁਤੰਤਰਤਾ ਸੰਗਰਾਮੀਂ, ਰੱਖਿਆ ਸੇਵਾਵਾਂ ਭਲਾਈ ਅਤੇ ਬਾਗਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਜਨਤਕ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਨਾਲ ਸਬੰਧਤ ਅਹਿਮ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾ ਕੇ ਇਨ੍ਹਾਂ ਦੇ ਹੱਲ ਲਈ ਪੈਰਵੀ ਕੀਤੀ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾ ਮਾਜਰਾ ਅੱਗੇ ਕਿਰਨ ਨਾਲਾ/ਸੱਕੀ ਨਾਲੇ ਨੂੰ ਸਿੱਧਾ ਕਰਨ ਦਾ ਮਾਮਲਾ ਪੂਰੇ ਜ਼ੋਰ ਨਾਲ ਉਠਾਇਆ। ਉਨ੍ਹਾਂ ਦੱਸਿਆ ਕਿ ਕਿਰਨ ਨਾਲਾ ਜਿਸਨੂੰ ਸੱਕੀ ਨਾਲਾ ਵੀ ਕਹਿੰਦੇ ਹਨ, ਦੀਨਾਨਗਰ ਦੇ ਪਿੰਡ ਸਲੇਮਪੁਰ ਕੋਲੀਆਂ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਅਜਨਾਲਾ ਨੇੜੇ ਦਰਿਆ ਰਾਵੀ ਵਿੱਚ ਪੈਂਦਾ ਹੈ। ਇਹ ਨਾਲਾ ਕੁਦਰਤੀ ਹੋਣ ਕਾਰਨ ਟੇਡਾ-ਮੇਡਾ ਚੱਲਦਾ ਹੈ ਅਤੇ ਇਸਦਾ ਵੱਡਾ ਹਿੱਸਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀਆਂ ਨਬੀਪੁਰ ਕੱੱਟ ਡਰੇਨ, ਚਿਕੜੀ ਡਰੇਨ, ਵਡਾਲਾ ਬਾਂਗਰ ਅਤੇ ਹੋਰ ਲਿੰਕ ਡਰੇਨਾਂ ਦਾ ਪਾਣੀ ਵੀ ਪੈਂਦਾ ਹੈ। ਬਰਸਾਤ ਦੇ ਦਿਨ੍ਹਾਂ ਵਿੱਚ ਡਰੇਨਾਂ ਦਾ ਪਾਣੀ ਸ਼ੱਕੀ ਨਾਲੇ ਵਿੱਚ ਆਉਣ ਕਾਰਨ ਇਹ ਓਵਰਫਲੋਅ ਹੋ ਜਾਂਦਾ ਹੈ ਜਿਸ ਨਾਲ ਵੱਡੀ ਪੱਧਰ ’ਤੇ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ। ਸ੍ਰੀ ਰਮਨ ਬਹਿਲ ਨੇ ਮੰਗ ਕੀਤੀ ਕਿ ਸ਼ੱਕੀ ਨਾਲੇ ਨੂੰ ਸਿੱਧਾ ਕੀਤਾ ਜਾਵੇ ਤਾਂ ਜੋ ਬਰਸਾਤੀ ਪਾਣੀ ਦਾ ਨਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਨਾਲਾ ਸਰਹੱਦੀ ਖੇਤਰ ਵਿੱਚ ਹੋਣ ਕਾਰਨ ਸੈਕਿੰਡ ਡਿਫੈਂਸ ਲਾਈਨ ਦਾ ਕੰਮ ਵੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲੇ ਚੈਨਲਲਾਈਜ਼ੇਸ਼ਨ ਦਾ ਪ੍ਰੋਜੈਕਟ ਭਾਰਤ ਸਰਕਾਰ ਵੱਲੋਂ ਅਪਰੂਵ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਨਾਲੇ ਨੂੰ ਸਿੱਧਾ ਕਰਨ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਇਸ ਨਾਲ ਹੁੰਦੇ ਨੁਕਸਾਨ ਨੂੰ ਰੋਕਿਆ ਜਾ ਸਕੇ।
ਇਸ ਮੀਟਿੰਗ ਦੌਰਾਨ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਨਬੀਪੁਰ ਕੱਟ ਡਰੇਨ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਨਬੀਪੁਰ ਕੱਟ ਡਰੇਨ ਜੋ ਗੁਰਦਾਸਪੁਰ ਸ਼ਹਿਰ ਵਿੱਚ ਨਿਕਲਦੀ ਹੈ ਅਤੇ ਇਹ ਡਰੇਨ ਸ਼ਹਿਰੀ ਏਰੀਏ ਦਾ ਅਤੇ ਤਕਰੀਬਨ 70 ਪਿੰਡਾਂ ਦੇ ਬਾਰਸ਼ ਦੇ ਪਾਣੀ ਦੀ ਨਿਕਾਸੀ ਦਾ ਜਰੀਆ ਹੈ। ਉਨ੍ਹਾਂ ਕਿਹਾ ਕਿ ਇਸ ਡਰੇਨ ਦੀ ਲਗਭਗ 4 ਕਿਲੋਮੀਟਰ ਲੰਬਾਈ ਗੁਰਦਾਸਪੁਰ ਸ਼ਹਿਰ ਵਿੱਚੋਂ ਨਿਕਲਦੀ ਹੈ। ਸ੍ਰੀ ਬਹਿਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਸ਼ਹਿਰ ਦੇ ਤਿੱਬੜੀ ਰੋਡ ਤੋਂ ਬਟਾਲਾ ਰੋਡ ਦਰਮਿਆਨ (ਲਗਭਗ 3 ਕਿਲੋਮੀਟਰ) ਲੰਬਾਈ ਵਿੱਚ ਇਹ ਡਰੇਨ ਕੱਚੀ ਹੋਣ ਕਾਰਨ ਅਤੇ ਭਾਰੀ ਬਰਸਾਤ ਕਾਰਨ ਦੋਨਾਂ ਸਾਈਡ ਤੋਂ ਖੁਲ੍ਹਦੀ ਜਾ ਰਹੀ ਹੈ, ਜਿਸ ਕਾਰਨ ਦੋਵੇਂ ਪਾਸੇ ਵਸੀ ਹੋਈ ਵਸੋਂ ਨੂੰ ਖ਼ਤਰਾ ਵੱਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੀਵਰੇਜ਼ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਬਿਮਾਰੀਆਂ ਦਾ ਵੀ ਖ਼ਤਰਾ ਹੈ। ਇਸ ਲਈ ਇਲਾਕੇ ਦੇ ਲੋਕਾਂ ਵੱਲੋਂ ਇਸ ਨੂੰ ਪੱਕਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸ੍ਰੀ ਬਹਿਲ ਨੇ ਕਿਹਾ ਕਿ ਇਸੇ ਹੀ ਤਰਜ਼ ’ਤੇ ਪਿੰਡ ਖੋਖਰ ਦੇ ਨਜ਼ਦੀਕ ਵੀ ਲਗਭਗ ਅੱਧਾ ਕਿਲੋਮੀਟਰ ਲੰਬਾਈ ਵਿੱਚ ਇਸ ਨੂੰ ਪੱਕਾ ਕੀਤਾ ਜਾਵੇ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਪਰੋਕਤ ਕੰਮ ਲਈ ਐੱਸ.ਡੀ.ਓ. ਡਰੇਨਜ਼, ਗੁਰਦਾਸਪੁਰ ਵੱਲੋਂ ਤਕਰੀਬਨ 1.64 ਕਰੋੜ ਰੁਪਏ ਦਾ ਤਖ਼ਮੀਨਾ ਤਿਆਰ ਕੀਤਾ ਗਿਆ ਹੈ ਅਤੇ ਇਸ ਕੰਮ ਨੂੰ ਵੀ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬੱਬਰੀ ਨੇੜੇ ਇਸ ਡਰੇਨ ਉੱਪਰ ਇੱਕ ਪੁਲ ਦੀ ਵੀ ਜ਼ਰੂਰਤ ਹੈ ਜਿਸਨੂੰ ਬਣਾਇਆ ਜਾਵੇ। ਸ੍ਰੀ ਬਹਿਲ ਨੇ ਕੈਬਨਿਟ ਮੰਤਰੀ ਕੋਲੋਂ ਮੰਗ ਕੀਤੀ ਕਿ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀਆਂ ਉਪਰੋਕਤ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ।
ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾ ਮਾਜਰਾ ਨੇ ਚੇਅਰਮੈਨ ਸ੍ਰੀ ਰਮਨ ਬਹਿਲ ਨੂੰ ਭਰੋਸਾ ਦਿੰਦਅਿਾਂ ਕਿਹਾ ਕਿ ਉਨ੍ਹਾਂ ਨੇ ਲੋਕ ਭਲਾਈ ਦੇ ਇਹ ਬਹੁਤ ਵਧੀਆ ਮੁੱਦੇ ਉਠਾਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮਸਲਿਆਂ ਦੇ ਹੱਲ ਲਈ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾਵੇਗਾ।