ਪੰਜਾਬ

ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਵਿੱਚ ਸਕੂਲ ਪ੍ਰਬੰਧਨ ਕਮੇਟੀਆਂ ਲਈ ਸਿਖਲਾਈ ਦਾ ਆਯੋਜਨ 

ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਵਿੱਚ ਸਕੂਲ ਪ੍ਰਬੰਧਨ ਕਮੇਟੀਆਂ ਲਈ ਸਿਖਲਾਈ ਦਾ ਆਯੋਜਨ 
  • PublishedJanuary 8, 2024

ਇਸ ਪਹਿਲਕਦਮੀ ਦੁਆਰਾ 2.8 ਲੱਖ ਐੱਸ.ਐੱਮ.ਸੀ. ਮੈਂਬਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ

ਚੰਡੀਗੜ੍ਹ, 8 ਜਨਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਕਮਲ ਕਿਸ਼ੋਰ ਯਾਦਵ ਦੀ ਅਗਵਾਈ ਹੇਠ ਸਕੂਲ ਮੈਨੇਜਮੈਂਟ ਕਮੇਟੀ (ਐੱਸ.ਐੱਮ.ਸੀ.) ਦੇ ਮੈਂਬਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ ਸੂਬੇ ਦੇ 117 ਸਕੂਲ ਆਫ਼ ਐਮੀਨੈਂਸ, 10 ਮੈਰੀਟੋਰੀਅਸ ਸਕੂਲਾਂ ਅਤੇ 8 ਸੀਨੀਅਰ ਸੈਕੰਡਰੀ ਗਰਲਜ਼ ਸਕੂਲਾਂ ਦੇ ਐਸ.ਐਮ.ਸੀਜ਼ ਲਈ ਹੈ ਅਤੇ ਇਹ ਅੱਜ (8 ਜਨਵਰੀ) ਤੋਂ ਸ਼ੁਰੂ ਹੋ ਕੇ 12 ਜਨਵਰੀ ਤੱਕ ਚੱਲੇਗੀ।

ਇਹ ਸਮਰੱਥਾ-ਨਿਰਮਾਣ ਸੈਸ਼ਨ 145 ਸਕੂਲਾਂ ਵਿੱਚ 600 ਤੋਂ ਵੱਧ ਐੱਸ.ਐੱਮ.ਸੀਜ਼. ਮੈਂਬਰਾਂ ਲਈ ਕਰਵਾਏ ਜਾਣਗੇ। ਇਹ ਸੂਬੇ ਭਰ ਦੇ 2.8 ਲੱਖ ਐੱਸ.ਐੱਮ.ਸੀ. ਮੈਂਬਰਾਂ ਦੀ ਸਿਖਲਾਈ ਪ੍ਰਦਾਨ ਕਰੇਗਾ। ਇਹਨਾਂ ਸੈਸ਼ਨਾਂ ਦਾ ਉਦੇਸ਼ ਐੱਸ.ਐੱਮ.ਸੀ. ਮੈਂਬਰਾਂ ਨੂੰ ਸਕੂਲ ਦੀ ਸਹਾਇਤਾ ਕਰਨ ਲਈ ਸਕੂਲ ਦੀਆਂ ਲੋੜਾਂ ਦੀ ਪਛਾਣ ਕਰਕੇ ਹੱਲ ਕਰਨ ਵਿੱਚ ਉਹਨਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਵੱਲ ਧਿਆਨ ਦੇਣਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਐੱਸ.ਐੱਮ.ਸੀਜ਼. ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਕੂਲਾਂ ਵਿੱਚ ਸਕੀਮਾਂ ਦੇ ਲਾਗੂ ਕਰਨ ਵਿੱਚ ਸਹਾਇਤਾ ਕਰਨਾ ਹੈ। ਇੱਕ ਨਵੀਨਤਾਕਾਰੀ ਕਦਮ ਵਿੱਚ, ਸਕੂਲ ਸਿੱਖਿਆ ਵਿਭਾਗ ਨੇ ਐੱਸ.ਐੱਮ.ਸੀਜ਼. ਮੈਂਬਰਾਂ ਲਈ ਇੱਕ ਦਸਤਾਵੇਜ਼ੀ ਅਤੇ ਇੱਕ ਕਿਤਾਬਚਾ ਤਿਆਰ ਕੀਤਾ ਹੈ, ਜਿਸਦੀ ਵਰਤੋਂ ਇੱਕ ਸਿਖਲਾਈ ਸਰੋਤ ਵਜੋਂ ਕੀਤੀ ਜਾਵੇਗੀ।

ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ, ਮਾਪੇ ਅਤੇ ਕਮਿਊਨਿਟੀ ਮੈਂਬਰ ਐੱਸ.ਐੱਮ.ਸੀਜ਼. ਦਾ ਹਿੱਸਾ ਬਣ ਕੇ ਆਪਣੇ ਬੱਚੇ ਅਤੇ ਸਕੂਲ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਬਿਹਤਰੀਨ ਤਬਦੀਲੀਆਂ ਕਰਨ ਲਈ ਸਿਰਫ਼ ਇੱਕ ਜਾਗਰੂਕ ਐੱਸ.ਐੱਮ.ਸੀ. ਹੀ ਸਕੂਲ ਨਾਲ ਭਾਈਵਾਲੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਦਾ ਹੈ। ਐੱਸ.ਐੱਮ.ਸੀਜ਼.  ਦੁਆਰਾ ਸਕੂਲਾਂ ਅਤੇ ਭਾਈਚਾਰਿਆਂ ਨੂੰ ਨੇੜੇ ਲਿਆਉਣਾ ਅਤੇ ਉਹਨਾਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਇੱਕ ਮੁਸ਼ਕਲ ਕੰਮ ਹੋ ਸਕਦਾ ਹੈ- ਜਿਸ ਲਈ ਸੂਝ ਅਤੇ ਪਹਿਲਕਦਮੀ ਦੀ ਲੋੜ ਹੁੰਦੀ ਹੈ। ਇਸ ਐੱਸ.ਐੱਮ.ਸੀਜ਼. ਸਮਰੱਥਾ-ਨਿਰਮਾਣ ਪਹਿਲਕਦਮੀ ਦੇ ਮਾਧਿਅਮ ਨਾਲ, ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਕੂਲਾਂ ਅਤੇ ਭਾਈਚਾਰਿਆਂ ਦਰਮਿਆਨ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਕਦਮ ਚੁੱਕੇ ਹਨ।

ਸਕੂਲੀ ਸਿੱਖਿਆ ਦੀ ਕਾਇਆ ਕਲਪ ਕਰਨ ਵਾਲਾ ਪੰਜਾਬ ਮਾਡਲ ਵਿਕਾਸ ਵਿੱਚ ਦੂਰਅੰਦੇਸ਼ੀ ਅਤੇ ਅਗਵਾਈ ਦੀ ਮਿਸਾਲ ਮੰਨਿਆ ਜਾ ਰਿਹਾ ਹੈ। ਹਾਲ ਹੀ ਦੇ ਸਮੇਂ ਵਿੱਚ, ਪੰਜਾਬ ਦੇ ਸਰਕਾਰੀ ਸਕੂਲਾਂ ਨੇ ਨੈਸ਼ਨਲ ਅਚੀਵਮੈਂਟ ਸਰਵੇ ਦੇ ਰਾਜ-ਵਾਰ ਮੁਲਾਂਕਣ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਿਖਾਇਆ ਹੈ। ਸਕੂਲ ਆਫ਼ ਐਮੀਨੈਂਸ ਦੀ ਸਥਾਪਨਾ, ਮਿਸ਼ਨ 100%, ਮਿਸ਼ਨ ਸਕਸ਼ਮ, ਮਿਸ਼ਨ ਸਮਰਾਥ ਅਤੇ ਐਜੂਸੈਟ ਵਰਗੀਆਂ ਪਹਿਲਕਦਮੀਆਂ ਨੇ ਪੰਜਾਬ ਵਿੱਚ ਸਕੂਲੀ ਸਿੱਖਿਆ ਦੇ ਸੁਧਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਮਾਪਿਆਂ ਅਤੇ ਭਾਈਚਾਰੇ ਨਾਲ ਮਜ਼ਬੂਤ ਸਬੰਧ ਸਥਾਪਤ ਕਰਨਾ ਪੰਜਾਬ ਸਰਕਾਰ ਦੇ ਤਰਜੀਹੀ ਪਹਿਲੂਆਂ ਵਿੱਚੋਂ ਇੱਕ ਹੈ। ਇਸ ਸਬੰਧੀ ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਮਈ 2023 ਵਿੱਚ ਮੈਗਾ ਪੀ.ਟੀ.ਐਮ. ਅਤੇ ਇੱਕ ਰਾਜ ਵਿਆਪੀ ਸਕੂਲ ਪ੍ਰਬੰਧਨ ਕਮੇਟੀ (ਐਸ.ਐਮ.ਸੀ.) ਗਠਨ ਪ੍ਰਕਿਰਿਆ ਵਰਗੀਆਂ ਪਹਿਲਕਦਮੀਆਂ ਕੀਤੀਆਂ, ਜਿਸ ਵਿੱਚ ਸੂਬੇ ਦੇ ਲਗਭਗ 19000 ਸਰਕਾਰੀ ਸਕੂਲਾਂ ਵਿੱਚ ਐੱਸ.ਐੱਮ.ਸੀਜ਼. ਦਾ ਗਠਨ ਕੀਤਾ ਗਿਆ। ਇਸ ਪ੍ਰਕਿਰਿਆ ਦੌਰਾਨ ਇੱਕ ਇਤਿਹਾਸਕ ਕਦਮ ਵਿੱਚ, ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸੂਬਾ ਭਰ ਦੀਆਂ ਸਾਰੀਆਂ ਐੱਸ.ਐੱਮ.ਸੀਜ਼. ਵਿੱਚ ਇੱਕ ਵਿਦਿਆਰਥੀ ਨੂੰ ਸ਼ਾਮਲ ਕਰਨਾ ਲਾਜ਼ਮੀ ਕੀਤਾ ਹੈ।

ਸ੍ਰੀ ਚਰਚਿਲ ਕੁਮਾਰ, ਆਈ.ਐਫ.ਐਸ. ਵਿਸ਼ੇਸ਼ ਸਕੱਤਰ, ਸਕੂਲ ਸਿੱਖਿਆ ਨੇ ਕਿਹਾ ਕਿ ਸਿੱਖਿਆ ਦਾ ਅਧਿਕਾਰ (ਆਰ.ਟੀ.ਈ.) ਐਕਟ ਦੀ ਧਾਰਾ 21 ਤਹਿਤ ਦੇਸ਼ ਭਰ ਦੇ ਹਰ ਸਰਕਾਰੀ ਸਕੂਲ ਵਿੱਚ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀਜ਼.) ਦਾ ਗਠਨ ਲਾਜ਼ਮੀ ਹੈ। ਐਸ.ਐਮ.ਸੀਜ਼. ਮਾਪਿਆਂ, ਵਿਦਿਆਰਥੀਆਂ, ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਥਾਨਕ ਸਰਕਾਰਾਂ ਦੇ ਪ੍ਰਤੀਨਿਧੀਆਂ ਲਈ ਇਕੱਠੇ ਹੋਣ ਅਤੇ ਸਕੂਲ ਦੇ ਵਿਕਾਸ ਸਬੰਧੀ ਮੁੱਦਿਆਂ ‘ਤੇ ਕੰਮ ਕਰਨ ਲਈ ਇੱਕ ਪਲੇਟਫਾਰਮ ਹਨ।

———-

Written By
The Punjab Wire