ਪ੍ਰਤੀ ਸਿਮ ਪਿੱਛੇ ਮਿਲਦੇ ਸਨ 150 ਰੁਪਏ ਕਮਿਸ਼ਨ- ਲੁਧਿਆਣਾ ਪੁਲਿਸ ਨੇ ਕੀਤਾ ਮਾਮਲਾ ਦਰਜ,
ਇੱਕ ਆਧਾਰ ਕਾਰਡ ਅਤੇ ਹੋਰ ਨਿਯਮਾਂ ‘ਤੇ ਤੁਹਾਡੇ ਕੋਲ ਕਿੰਨੇ ਸਿਮ ਕਾਰਡ ਹੋ ਸਕਦੇ ਹਨ
ਗੁਰਦਾਸਪੁਰ, 23 ਦਿਸੰਬਰ 2023 (ਦੀ ਪੰਜਾਬ ਵਾਇਰ)। ਸਾਈਬਰ ਕ੍ਰਾਈਮ ਦੇ ਵਧਦੇ ਮਾਮਲਿਆਂ ਨਾਲ ਸਰਕਾਰ ਸਿਮ ਕਾਰਡਾਂ ਨੂੰ ਲੈ ਕੇ ਬਹੁਤ ਸਖਤ ਹੋ ਗਈ ਹੈ। ਸਰਕਾਰ ਨੇ ਨਵੇਂ ਸਿਮ ਕਾਰਡਾਂ ਦੀ ਖਰੀਦ ਨੂੰ ਲੈ ਕੇ ਦੂਰਸੰਚਾਰ ਕੰਪਨੀਆਂ ਅਤੇ ਗਾਹਕਾਂ ਦੋਵਾਂ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਡਵਿਜਨ ਨੰਬਰ 3 ਲੁਧਿਆਣਾ ਪੁਲਿਸ ਨੇ ਹਾਲ ਹੀ ਵਿੱਚ ਕੋਰੀਅਰ ਰਾਹੀਂ 198 ਸਿਮ ਕਾਰਡ ਵਿਦੇਸ਼ ਭੇਜਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਗੁਰਦਾਸਪੁਰ ਦੇ ਇੱਕ ਨਿਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਨ ਅਜੇ ਕੁਮਾਰ (30) ਵਾਸੀ ਗੀਤਾ ਭਵਨ ਰੋਡ ਵਜੋ ਹੋਈ ਹੈ। ਜਿਸ ਨੇ ਸਿਮ ਕਾਰਡ ਆਪਣੇ ਕੱਪੜਿਆਂ ਵਿੱਚ ਲੁੱਕੋ ਕੇ ਕੰਬੋਡੀਆ ਵਿੱਚ ਡਿਲੀਵਰੀ ਲਈ ਇੱਕ ਕੋਰੀਅਰ ਕੰਪਨੀ ਦੇ ਹਵਾਲੇ ਕਰ ਦਿੱਤੇ ਸਨ।
ਮੁਲਜ਼ਮਾਂ ਨੇ ਸਿਮ ਕਾਰਡਾਂ ਨੂੰ ਜੀਨਸ ਦੇ ਦੋ ਜੋੜਿਆਂ ਵਿੱਚ ਪੈਕ ਕੀਤਾ। ਪਾਰਸਲ ਦੀ ਸਕੈਨਿੰਗ ਦੌਰਾਨ ਕੋਰੀਅਰ ਕੰਪਨੀ ਦੇ ਕਰਮਚਾਰੀਆਂ ਨੂੰ ਸਿਮ ਕਾਰਡ ਮਿਲੇ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸਿਮ ਭਾਰਤ ਤੋਂ ਬਾਹਰੋਂ ਸਾਈਬਰ ਫਰਾਡ ਰੈਕੇਟ ਚਲਾਉਣ ਵਾਲੇ ਲੋਕਾਂ ਨੂੰ ਭੇਜੇ ਜਾ ਰਹੇ ਸਨ।
ਦੋਸ਼ੀ ਅਜੈ ਕੁਮਾਰ ਨੇ ਪੁਲਿਸ ਨੂੰ ਕੀ ਦੱਸਿਆ
ਦੋਸ਼ੀ ਅਜੈ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਹਾਂਗਕਾਂਗ ਦੇ ਇੱਕ ਰੈਸਟੋਰੈਂਟ ਵਿੱਚ ਵੇਟਰ ਵਜੋਂ ਕੰਮ ਕਰਦਾ ਸੀ, ਜਿੱਥੇ ਉਹ ਕੁਝ ਲੋਕਾਂ ਨੂੰ ਮਿਲਿਆ, ਜਿਨ੍ਹਾਂ ਨੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਨ ਦਾ ਦਾਅਵਾ ਕੀਤਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਇਆ ਤਾਂ ਉਨ੍ਹਾਂ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਕੋਰੀਅਰ ਰਾਹੀਂ ਭਾਰਤੀ ਸਿਮ ਕਾਰਡ ਭੇਜਣ ਲਈ ਕਿਹਾ। ਉਨ੍ਹਾਂ ਨੇ ਉਸ ਨੂੰ ਹਰੇਕ ਸਿਮ ਕਾਰਡ ਲਈ 150 ਰੁਪਏ ਕਮਿਸ਼ਨ ਦੇਣ ਦਾ ਵਾਅਦਾ ਕੀਤਾ ਸੀ।
ਪੁਲਿਸ ਦਾ ਕੀ ਹੈ ਕਹਿਣਾ
ਉਧਰ ਏਸੀਪੀ ਸੁਖਨਾਜ਼ ਸਿੰਘ ਨੇ ਦੱਸਿਆ ਕਿ ਇੰਪੈਕਸ ਕੰਪਨੀ ਦੇ ਡਾਇਰੈਕਟਰ ਜਤਿੰਦਰਜੀਤ ਸਿੰਘ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ। ਉਸ ਦੀ ਕੰਪਨੀ ਵਿਦੇਸ਼ਾਂ ਵਿੱਚ ਸਾਮਾਨ ਭੇਜਦੀ ਹੈ। ਜਤਿੰਦਰਜੀਤ ਨੇ ਦੱਸਿਆ ਕਿ 18 ਦਸੰਬਰ ਨੂੰ ਦੋ ਨੌਜਵਾਨ ਕੰਬੋਡੀਆ ਲਈ 4 ਪੈਂਟਾਂ ਦਾ ਪਾਰਸਲ ਬੁੱਕ ਕਰਵਾਉਣ ਲਈ ਉਸ ਦੀ ਕੰਪਨੀ ਵਿਚ ਆਏ ਸਨ। ਅਤੇ ਜਦੋਂ ਐਕਸਰੇ ਮਸ਼ੀਨ ਰਾਹੀਂ ਪੈਂਟ ਦੀ ਜਾਂਚ ਕੀਤੀ ਗਈ ਤਾਂ ਪੈਂਟ ਦੀਆਂ ਬੈਲਟਾਂ ਵਿੱਚ ਵੱਖ-ਵੱਖ ਕੰਪਨੀਆਂ ਦੇ ਕਰੀਬ 198 ਸਿਮ ਪਾਏ ਗਏ। ਉਸ ਨੇ ਦੱਸਿਆ ਕਿ ਇਹ ਸਿਮ ਬਿਨਾਂ ਕਿਸੇ ਮਨਜ਼ੂਰੀ ਦੇ ਗਲਤ ਤਰੀਕੇ ਨਾਲ ਪੈਕ ਕਰਵਾ ਕੇ ਧੋਖੇ ਨਾਲ ਭੇਜੇ ਜਾ ਰਹੇ ਸਨ। ਫਿਲਹਾਲ ਦੋਸ਼ੀ ਅਜੇ ਦੇ ਖਿਲਾਫ ਧਾਰਾ 487,420 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਜੇ ਨੇ ਇਹ ਸਿਮ ਕਿਸ ਦੇ ਆਈਡੀ ਪਰੂਫ਼ ਨਾਲ ਐਕਟੀਵੇਟ ਕਰਵਾਇਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਜਲਦੀ ਹੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਨਵੇਂ ਟੈਲੀਕਾਮ ਬਿੱਲ ਵਿੱਚ ਸਿਮ ਕਾਰਡ ਦੇ ਕੀ ਹਨ ਨਿਯਮ
ਜੇਕਰ ਕਿਸੇ ਵੀ ਮੋਬਾਈਲ ਉਪਭੋਗਤਾ ਕੋਲ ਇੱਕ ਆਧਾਰ ਕਾਰਡ ‘ਤੇ ਨੌਂ ਤੋਂ ਵੱਧ ਸਿਮ ਕਾਰਡ ਜਾਰੀ ਕੀਤੇ ਗਏ ਹਨ, ਤਾਂ ਉਸ ਨੂੰ ਪਹਿਲੀ ਵਾਰ 50,000 ਰੁਪਏ ਅਤੇ ਬਾਅਦ ਦੇ ਅਪਰਾਧਾਂ ਲਈ 2 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ।
ਜੇਕਰ ਕੋਈ ਨਵਾਂ ਸਿਮ ਕਾਰਡ ਲੈਣ ਲਈ ਕਿਸੇ ਹੋਰ ਵਿਅਕਤੀ ਦੀ ਸਰਕਾਰੀ ਆਈਡੀ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ, ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਕੈਦ ਜਾਂ ਵੱਧ ਤੋਂ ਵੱਧ 50 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਗਾਹਕਾਂ ਦੀ ਪਛਾਣ ਦੀ ਤਸਦੀਕ ਸਿਰਫ ਬਾਇਓਮੈਟ੍ਰਿਕ-ਆਧਾਰਿਤ ਆਈਡੀ ਜਿਵੇਂ ਕਿ ਆਧਾਰ ਕਾਰਡ ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ।