ਗੁਰਦਾਸਪੁਰ, 21 ਦਿਸੰਬਰ 2023 (ਦੀ ਪੰਜਾਬ ਵਾਇਰ)। ਨਗਰ ਕੌਂਸਿਲ ਗੁਰਦਾਸਪੁਰ ਵੱਲੋਂ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਲਗਾਤਾਰ ਚੇਤਾਵਨੀਆਂ ਦੇਣ ਤੋਂ ਬਾਅਦ ਆਖਰਕਾਰ ਨਗਰ ਕੌਂਸਿਲ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਜੇ.ਸੀ.ਬੀ. ਦੀ ਮਦਦ ਨਾਲ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ | ਸਵੇਰੇ 4 ਵਜੇ ਇਹ ਕਾਰਵਾਈ ਕਰਦੇ ਹੋਏ ਭਗਵਾਨ ਪਰਸ਼ੂਰਾਮ ਚੌਕ ਤੋਂ ਰੇਲਵੇ ਰੋਡ ਤੱਕ ਨਾਜਾਇਜ਼ ਕਬਜ਼ੇ ਹਟਾਏ ਗਏ ।
ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਹਾਲਾਂਕਿ ਨਗਰ ਕੌਂਸਲ ਨੇ ਦੋ ਦਿਨ ਪਹਿਲਾਂ ਚਿਤਾਵਨੀ ਪੱਤਰ ਜਾਰੀ ਕਰਕੇ ਦੁਕਾਨਦਾਰਾਂ ਨੂੰ ਆਪਣੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਤੋਂ ਬਾਅਦ ਕੌਂਸਲ ਨੇ ਸਵੇਰੇ ਹੀ ਭਗਵਾਨ ਪਰਸ਼ੂਰਾਮ ਚੌਕ ਤੋਂ ਰੇਲਵੇ ਕਰਾਸਿੰਗ ਤੱਕ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਟੀਮ ਨੇ ਦੁਕਾਨਾਂ ਦੇ ਬਾਹਰ ਰੱਖਿਆ ਨਾਜਾਇਜ਼ ਸਾਮਾਨ ਜ਼ਬਤ ਕੀਤਾ। ਇਸ ਦੇ ਨਾਲ ਹੀ ਐਸ.ਡੀ.ਕਾਲਜ ਦੇ ਨੇੜੇ ਬਣੀ ਇੱਕ ਨਜਾਇਜ਼ ਦੁਕਾਨ ਨੂੰ ਵੀ ਢਾਹ ਦਿੱਤਾ ਗਿਆ।
ਨਗਰ ਕੌਂਸਲ ਦੇ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਲਈ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਪਰ ਦੁਕਾਨਦਾਰ ਇਸ ਨੂੰ ਹਲਕੇ ਵਿੱਚ ਲੈ ਰਹੇ ਹਨ। ਸਵੇਰੇ 4 ਵਜੇ ਤੋਂ 7 ਵਜੇ ਤੱਕ ਨਾਜਾਇਜ਼ ਕਬਜ਼ੇ ਹਟਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸਵੇਰੇ ਇਸ ਲਈ ਕੀਤੀ ਗਈ ਤਾਂ ਜੋ ਕੋਈ ਇਸ ਦਾ ਵਿਰੋਧ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਕਬਜ਼ਿਆਂ ਵਿਰੁੱਧ ਪੂਰੀ ਤਰ੍ਹਾਂ ਗੰਭੀਰ ਹੈ। ਹਰ ਰੋਜ਼ ਕਿਸੇ ਨਾ ਕਿਸੇ ਸੜਕ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ। ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਉਹ ਇਸ ਦੀ ਪ੍ਰਵਾਹ ਨਹੀਂ ਕਰ ਰਹੇ। ਨਾਜਾਇਜ਼ ਕਬਜ਼ਿਆਂ ਕਾਰਨ ਕਿਤੇ ਨਾ ਕਿਤੇ ਸੜਕ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਇਕ ਵਾਰ ਫਿਰ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਨਹੀਂ ਤਾਂ ਦੁਬਾਰਾ ਕਾਰਵਾਈ ਕੀਤੀ ਜਾਵੇਗੀ।