ਪੰਜਾਬ

ਅਕਾਲੀ ਦਲ ਨੇ ਏਡਡ ਕਾਲਜਾਂ ਦੇ ਨਾਨ-ਟੀਚਿੰਗ ਸਟਾਫ ਨਾਲ ਵਿਤਕਰੇ ਦੀ ਕੀਤੀ ਨਿਖੇਧੀ

ਅਕਾਲੀ ਦਲ ਨੇ ਏਡਡ ਕਾਲਜਾਂ ਦੇ ਨਾਨ-ਟੀਚਿੰਗ ਸਟਾਫ ਨਾਲ ਵਿਤਕਰੇ ਦੀ ਕੀਤੀ ਨਿਖੇਧੀ
  • PublishedDecember 19, 2023

ਮੁੱਖ ਮੰਤਰੀ ਤੁਰੰਤ ਮਾਮਲੇ ਵਿਚ ਦਖਲ ਦੇ ਕੇ ਨਾਨ ਟੀਚਿੰਗ ਸਟਾਫ ਨੂੰ ਲੋੜੀਂਦੀ ਰਾਹਤ ਮਿਲਣੀ ਯਕੀਨੀ ਬਣਾਉਣ: ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 19 ਦਸੰਬਰ 2023 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਏਡਡ ਕਾਲਜਾਂ ਦੇ ਨਾਨ-ਟੀਚਿੰਗ ਸਟਾਫ ਨਾਲ ਵਿਤਕਰੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਪਾਰਟੀ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਤੁਰੰਤ ਮਾਮਲੇ ਵਿਚ ਦਾਖਲ ਦੇਣ ਤੇ ਇਹ ਯਕੀਨੀ ਬਣਾਉਣ ਕਿ ਨਾਨ-ਟੀਚਿੰਗ ਸਟਾਫ ਨੂੰ ਲੋੜੀਂਦੀ ਰਾਹਤ ਮਿਲੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਸਿੱਖਿਆ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਨਾਨ-ਟੀਚਿੰਗ ਸਟਾਫ ਨੂੰ 6ਵਾਂ ਪੇਅ ਕਮਿਸ਼ਨ ਨਹੀਂ ਦਿੱਤਾ ਗਿਆ ਪਰ ਇਹਨਾਂ ਕਾਲਜਾਂ ਵਿਚ ਹੀ ਟੀਚਿੰਗ ਸਟਾਫ ਨੂੰ 7ਵਾਂ ਪੇਅ ਕਮਿਸ਼ਨ ਵੀ ਦੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਨਾਨ ਟੀਚਿੰਗ ਸਟਾਫ ਨੂੰ ਹਾਲੇ 2011 ਦਾ ਪੇਅ ਕਮਿਸ਼ਨ ਵੀ ਮਿਲਣਾ ਹੈ ਤੇ ਇਹਨਾਂ ਦਾ ਐਚ ਆਰ ਏ ਵੀ 20 ਤੋਂ ਘਟਾ ਕੇ 15 ਫੀਸਦੀ ਕਰ ਦਿੱਤਾ ਗਿਆ ਤੇ ਮੈਡੀਕਲ ਭੱਤਾ ਵੀ 500 ਤੋਂ ਘਟਾ ਕੇ 350 ਰੁਪਏ ਕਰ ਦਿੱਤਾ ਗਿਆ ਤੇ ਹੋਰ ਵਿਤਕਰਾ ਵੱਖਰੇ ਤੌਰ ’ਤੇ ਕੀਤਾ ਜਾ ਰਿਹਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਇਹ ਨਾਨ ਟੀਚਿੰਗ ਸਟਾਫ ਇਹ ਆਖ ਰਿਹਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀ ਹੈ ਤੇ ਇਸ ਸਰਕਾਰ ਦੀ ਬੇਰੁਖੀ ਕਾਰਨ ਉਹ ਅੰਧਕਾਰ ਵਿਚ ਰੁਲ ਰਹੇ ਹਨ। ਉਹਨਾਂ ਕਿਹਾ ਕਿ ਇਕੋ ਕਾਲਜ ਵਿਚ ਕੰਮ ਕਰਦੇ ਸਟਾਫ ਨਾਲ ਵਿਤਕਰਾ ਇਕ ਭੱਤਾ ਮਜ਼ਾਕ ਹੈ ਤੇ ਇਹਨਾਂ ਮੁਲਾਜ਼ਮਾਂ ਨਾਲ ਅਣਮਨੁੱਖੀ ਵਿਹਾਰ ਹੈ।

ਡਾ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਮਾਮਲੇ ਵਿਚ ਤੁਰੰਤ ਦਖਲ ਦੇਣ ਅਤੇ ਸਾਰੇ ਸਟਾਫ ਮੈਂਬਰਾਂ ਲਈ ਇਕ ਸਮਾਨ ਮੌਕੇ ਯਕੀਨੀ ਬਣਾਉਣ ਤੇ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਇਹਨਾਂ ਨੂੰ ਲੋੜੀਂਦੀ ਵਿੱਤੀ ਰਾਹਤ ਪ੍ਰਦਾਨ ਕਰਨ ਤੇ ਹੋਰ ਤਰੁੱਟੀਆਂ ਵੀ ਦੂਰ ਕਰਨ।

Written By
The Punjab Wire