ਹਜ਼ਾਰਾਂ ਲੋਕਾਂ ਨੇ ਪਿੰਡ ਬਾਦਲ ਵਿਖੇ ਇਕੱਤਰ ਹੋ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ 97ਵੇਂ ਜਨਮ ਦਿਹਾੜੇ ’ਤੇ ਭੇਂਟ ਕੀਤੀ ਸ਼ਰਧਾਂਜਲੀ
ਸੁਖਬੀਰ ਸਿੰਘ ਬਾਦਲ ਨੇ ਸੰਗਤ ਦਾ ਲਿਆ ਆਸ਼ੀਰਵਾਦ, ਵਾਅਦਾ ਕੀਤਾ ਕਿ ਉਹ ਬਾਦਲ ਸਾਹਿਬ ਵਾਂਗੂ ਹੀ ਪੂਰੇ ਉਤਸ਼ਾਹ ਤੇ ਸੰਜੀਦਗੀ ਨਾਲ ਸੰਗਤ ਦੀ ਸੇਵਾ ਕਰਨਗੇ
ਕਿਲ੍ਹਿਆਂਵਾਲੀ ਵਿਖੇ ਜੇ ਜੇ ਪੀ ਪਾਰਟੀ ਦੇ ਪ੍ਰਧਾਨ ਅਜੈ ਚੌਟਾਲਾ ਤੇ ਦੁਸ਼ਯੰਤ ਚੌਟਾਲਾ ਦੇ ਨਾਲ ਰਲ ਸਰਦਾਰ ਬਾਦਲ ਦੇ ਆਦਮ ਕੱਦ ਬੁੱਤ ਦਾ ਕੀਤਾ ਉਦਘਾਟਨ
ਲੰਬੀ, 8 ਦਸੰਬਰ 2023 (ਦੀ ਪੰਜਾਬ ਵਾਇਰ)। ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ 97ਵਾਂ ਜਨਮ ਦਿਹਾੜਾ ਅੱਜ ਸਦਭਾਵਨਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਕੀਰਤਨ ਸਮਾਗਮ ਹੋਇਆ, ਖੂਨਦਾਨ ਕੈਂਪ ਲਗਾਏ ਗਏ ਤੇ ਮਰਹੂਮ ਅਕਾਲੀ ਦਲ ਦੇ ਵੱਡੇ ਬੁੱਤ ਦਾ ਵੀ ਉਦਘਾਟਨ ਕੀਤਾ ਗਿਆ।
ਇਸ ਪ੍ਰੋਗਰਾਮ ਦੌਰਾਨ ਲੰਬੀ ਹਲਕੇ ਤੋਂ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਹਨਾਂ ਨੇ ਰਲ ਕੇ ਮਰਹੂਮ ਆਗੂ ਜੋ ਲੋਕਾਂ ਦੇ ਸੱਚੇ ਸੇਵਕ ਸਨ, ਦਾ ਜਨਮ ਦਿਹਾੜਾ ਮਨਾਇਆ।
ਕੀਰਤਨ ਸਮਾਗਮ ਦੀ ਸਮਾਪਤੀ ’ਤੇ ਸੰਗਤ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸਵੇਰ ਤੋਂ ਹੀ ਭਾਵੁਕ ਹਨ ਪਰ ਜਦੋਂ ਉਹਨਾਂ ਨੇ ਸੰਗਤ ਦੀਆਂ ਭਾਵਨਾਵਾਂ ਵੇਖੀਆਂ ਤਾਂ ਮਹਿਸੂਸ ਕੀਤਾ ਕਿ ਸਾਬਕਾ ਮੁੱਖ ਮੰਤਰੀ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਪਰਿਵਾਰ ਨਾਲੋਂ ਵੱਧ ਪਿਆਰ ਕਰਦੇ ਸਨ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਾਰੀ ਕੌਮ ਨੂੰ ਰਾਹਤ ਦੇਣ ਵਾਲਾ ਸਦਾਬਹਾਰ ਬੂਟਾ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਕੁਝ ਸ਼ਬਦਾਂ ਵਿਚ ਮਰਹੂਮ ਅਕਾਲੀ ਆਗੂ ਦਾ ਵਰਣਨ ਕਰਨਾ ਹੋਵੇ ਤਾਂ ਉਹ ਕਹਿਣਗੇ ਕਿ ਉਹ ਦੇਸ਼ਪ੍ਰਸਤ ਸਨ ਜੋ ਦੇਸ਼ ਤੇ ਕੌਮ ਵਾਸਤੇ ਕਿਸੇ ਵੀ ਕੁਰਬਾਨੀ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਕਿਹਾ ਕਿ ਸਰਦਾਰ ਬਾਦਲ ਇਕ ਧਰਮ ਨਿਰਪੱਖ ਆਗੂ ਸਨ ਜਿਹਨਾਂ ਨੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ। ਇਕ ਲੋਕਤੰਤਰੀ ਸੋਚ ਵਾਲੇ ਸਨ ਜਿਹਨਾਂ ਨੇ ਹਰ ਤਰੀਕੇ ਦੇ ਵਿਚਾਰ ਸੁਣੇ। ਹਮੇਸ਼ਾ ਸਾਦਗੀ ਨਾਲ ਸਮੇਂ ਦੇ ਪਾਬੰਦ ਰਹਿ ਕੇ ਜੀਵਨ ਬਤੀਤ ਕੀਤਾ। ਉਹ ਦਿਲੋਂ ਨਿਮਰ ਸਨ। ਉਹਨਾਂ ਹਮੇਸ਼ਾ ’ਰਾਜ ਨਹੀਂ ਸੇਵਾ’ ਦੇ ਸੰਕਲਪ ਵਿਚ ਵਿਸ਼ਵਾਸ ਕੀਤਾ। ਹਮੇਸ਼ਾ ਪੰਜਾਬ ਤੇ ਅਮੀਰ ਵਿਰਸੇ ਤੇ ਸਭਿਆਚਾਰ ਦੀ ਸੰਭਾਲ ਕੀਤੀ ਤੇ ਗਰੀਬਾਂ ਦੀ ਦਸ਼ਾ ਸੁਧਾਰਨ ਤੇ ਆਪਣੇ ਵਾਅਦੇ ਪੂਰੇ ਕਰਨ ਲਈ ਕੰਮ ਕੀਤਾ।
ਸਰਦਾਰ ਬਾਦਲ ਨੇ ਵੀ ਸੰਗਤ ਦਾ ਆਸ਼ੀਰਵਾਦ ਮੰਗਿਆ ਤੇ ਵਾਅਦਾ ਕੀਤਾ ਕਿ ਉਹ ਉਸੇ ਉਤਸ਼ਾਹ ਸੰਜੀਦਗੀ ਨਾਲ ਲੋਕਾਂ ਦੀ ਸੇਵਾ ਕਰਨਗੇ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਦੇ ਸਨ ਤੇ ਉਹਨਾਂ ਨੇ ਵੀ ਆਪਣਾ ਸਾਰਾ ਜੀਵਨ ਇਸੇ ਉਦੇਸ਼ ’ਤੇ ਲਾਉਣ ਦਾ ਵਾਅਦਾ ਕੀਤਾ। ਉਹਨਾਂ ਨੇ ਸਾਬਮਾ ਮੁੱਖ ਮੰਤਰੀ ਵੱਲੋਂ ਲੰਬੀ ਹਲਕੇ ਵਿਚ ਚਲਾਏ ਸਮਾਜਿਕ ਪ੍ਰੋਗਰਾਮ ਜਾਰੀ ਰੱਖਣ ਦੀ ਜ਼ਿੰਮੇਵਾਰੀ ਵੀ ਚੁੱਕੀ।
ਉਹਨਾਂ ਨੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ, ਸਰਦਾਰ ਮਨਪ੍ਰੀਤ ਸਿੰਘ ਬਾਦਲ, ਜਨਨਾਇਕ ਜਨਤਾ ਦਲ (ਜੇ ਜੇ ਪੀ) ਦੇ ਪ੍ਰਧਾਨ ਸ੍ਰੀ ਅਜੈ ਚੌਟਾਲਾ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਦੇ ਨਾਲ ਰਲ ਕੇ ਸਰਦਾਰ ਬਾਦਲ ਦੇ ਆਦਮ ਕੱਦ ਬੁੱਤ ਦਾ ਵੀ ਉਦਘਾਟਨ ਕੀਤਾ। ਇਹ ਬੁੱਤ ਚੌਟਾਲਾ ਪਰਿਵਾਰ ਵੱਲੋਂ ਤਿਆਰ ਕਰਵਾਇਆ ਗਿਆ ਹੈ ਤੇ ਇਹ ਲੋਕ ਨਾਇਕ ਚੌਧਰੀ ਦੇਵੀ ਲਾਲ ਦੇ ਬੁੱਤ ਦੇ ਨਾਲ ਲਗਾਇਆ ਗਿਆ। ਇਸ ਥਾਂ ’ਤੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਚੌਧਰੀ ਦੇਵੀ ਲਾਲ ਬੁੱਤ ਲਗਵਾਇਆ ਸੀ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੈ ਕਿਹਾ ਕਿ ਅੱਜ ਦੋਵੇਂ ਭਰਾ ਇਕਜੁੱਟ ਹੋ ਗਏ ਹਨ। ਬਾਦਲ ਸਾਹਿਬ ਆਪਣੇ ਜੀਵਨ ਭਰ ਦੇ ਮਿੱਤਰ ਦੇ ਨਾਲ ਆ ਗਏ ਜਿਹਨਾਂ ਨਾਲ ਉਹਨਾਂ ਦਾ ਰਿਸ਼ਤਾ ਆਪਣੇ ਸਗਿਆਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਸੀ। ਉਹਨਾਂ ਕਿਹਾ ਕਿ ਹੁਣ ਇਹ ਥਾਂ ਸੰਪੂਰਨ ਹੋ ਗਈ ਹੈ। ਉਹਨਾਂ ਕਿਹਾ ਕਿ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਦੋਵਾਂ ਪਰਿਵਾਰਾਂ ਵਿਚਾਲੇ ਇਹ ਸਾਂਝ ਹਰ ਪੀੜੀ ਵਿਚ ਹੋਰ ਮਜ਼ਬੂਤ ਹੋਵੇ। ਉਹਨਾਂ ਨੇ ਸ੍ਰੀ ਅਜੈ ਚੌਟਾਲਾ ਜੀ ਤੇ ਸ੍ਰੀ ਦੁਸ਼ਯੰਤ ਚੌਟਾਲਾ ਜੀ ਦਾ ਇਹ ਸੰਭਵ ਕਰਨ ਵਾਸਤੇ ਧੰਨਵਾਦ ਵੀ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਅਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਸਿਵਲ ਹਸਪਤਾਲ ਪਿੰਡ ਬਾਦਲ ਵਿਖੇ ਖੂਨਦਾਨ ਕੈਂਪ ਦਾ ਵੀ ਉਦਘਾਟਨ ਕੀਤਾ। ਅੱਜ ਅਕਾਲੀ ਦਲ ਨੇ ਇਸ ਦਿਹਾੜੇ ਨੂੰ ਸਦਭਾਵਨਾ ਦਿਵਸ ਵਜੋਂ ਮਨਾਉਂਦਿਆਂ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਖੂਨਦਾਨ ਕੈਂਪ ਲਗਾਏ ਹਨ। ਇਸ ਮੌਕੇ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਸ੍ਰੀ ਅਭੈ ਚੌਟਾਲਾ ਵੀ ਹਾਜ਼ਰ ਸਨ।
ਅਕਾਲੀ ਦਲ ਦੇ ਪ੍ਰਧਾਨ ਅਤੇ ਬਠਿੰਡਾ ਦੇ ਐਮ ਪੀ ਪਿੰਡ ਬਾਦਲ ਵਿਖੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵੀ ਗਏ ਤੇ ਉਥੇ ਸਥਾਪਨਾ ਦਿਵਸ ਸਮਾਗਮ ਦੀ ਪ੍ਰਧਾਨਗੀ ਕੀਤੀ। ਬਾਅਦ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਾਲਵਾ ਸਕੂਲ ਗਿੱਦੜਬਾਹਾ ਵਿਚ ਸਥਾਪਨਾ ਦਿਵਸ ਸਮਾਗਮ ਵਿਚ ਵੀ ਸ਼ਮੂਲੀਅਤ ਕੀਤੀ।