ਸ਼ਹਿਰ ਅੰਦਰ ਰੋਸ਼ ਮਾਰਚ ਕੱਡ ਘੜੇ ਭੰਨਕੇ ਕੀਤੀ ਨਾਹਰੇਬਾਜ਼ੀ
ਗੁਰਦਾਸਪੁਰ 8 ਦਸੰਬਰ 2023 (ਦੀ ਪੰਜਾਬ ਵਾਇਰ)। ਪੀਐੱਸਐੱਮਐੱਸਯੂ ਪੰਜਾਬ ਵੱਲੋਂ ਐਲਾਨ ਕੀਤੀ ਕਲਮਛੋੜ ਹੜਤਾਲ ਦੇ 31ਵੇਂ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ , ਗੁਰਦਾਸਪੁਰ ਵਿਖੇ ਸੈਂਕੜੇ ਮੁਲਾਜਮਾਂ ਦੀ ਇਕੱਤਰਤਾ ਹੋਈ। ਇਸ ਉਪਰੰਤ ਸ਼ਹਿਰ ਗੁਰਦਾਸਪੁਰ ਅੰਦਰ ਬਾਜਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ। ਜਿਸ ਦੀ ਅਗਵਾਈ ਸੂਬਾ ਚੇਅਰਮੈਨ ਰਘਬੀਰ ਸਿੰਘ , ਜਿਲਾ ਪ੍ਧਾਨ ਸਾਵਨ ਸਿੰਘ , ਵੱਲੋਂ ਕੀਤੀ ਗਈ।
ਰੋਸ ਮਾਰਚ ਵਿੱਚ ਦੇ ਲੱਖਵਿੰਦਰ ਸਿੰਘ ਗੁਰਾਇਆ, ਪ੍ਰਧਾਨ ਡੀਸੀ ਆਫਿਸ, ਸਰਬਜੀਤ ਸਿੰਘ ਮੁਲਤਾਨੀ, ਡਿਪਲੋਮਾ ਇੰਜੀਨੀਅਰਜ ਐਸੋ ਪੰਜਾਬ ਦੇ ਕਨਵੀਨਰ ਲੱਖਵਿੰਦਰ ਸਿੰਘ, ਪੁਨੀਤ ਸਾਗਰ, ਪ੍ਰਧਾਨ,ਸੀ ਪੀ ਐਫ ਯੂਨੀਅਨ, ਦਲਬੀਰ ਭੋਗਲ, ਗੁਰਪ੍ਰੀਤ ਸਿੰਘ ਬੱਬਰ, ਸਤੀਸ਼ਪਾਲ ਸੈਣੀ, ਜਸਪ੍ਰੀਤ ਸਿੰਘ, ਪਰਗੱਟ ਸਿੰਘ ਬਾਜਵਾ,ਸਰਬਜੀਤ ਸਿੰਘ ਡੀਗਰਾ,ਰਵੀ ਕੁਮਾਰ, ਨਨੀਤ ਰਿਖੀ, ਅਤੇ ਹੋਰ ਵੀ ਵੱਖ ਵੱਖ ਵਿਭਾਗਾਂ ਦੇ ਪ੍ਰਧਾਨ ਅਪਣੇ ਸਾਥੀਆਂ ਨਾਲ਼ ਹਾਜ਼ਰ ਸਨ ।
ਇਸ ਸਬੰਦੀ ਆਗੂਆਂ ਵੱਲੋਂ ਸੰਬੋਧਨ ਕਰਦਿਆਂ ਸਰਕਾਰ ਵਿਰੁੱਧ ਰੋਸ ਜਾਹਰ ਕਰਦਿਆਂ ਕਿਹਾ ਕਿ ਹੜਤਾਲ ਨੂੰ ਲੱਗਭੱਗ ਇੱਕ ਮਹੀਨੇ ਦੇ ਸਮਾਂ ਹੋ ਗਿਆ ਹੈ, ਪਰ ਸਰਕਾਰ ਅਜੇ ਤੱਕ ਟੱਸ ਤੋਂ ਮੱਸ ਨਹੀਂ ਹੋਈ, ਜਿਸ ਤੋਂ ਇਹ ਗੱਲ ਮੁਲਾਜਮਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰ ਚੋਣਾਂ ਵੇਲੇ ਕੀਤੇ ਪੂਰੇ ਕਰਨ ਲਈ ਗੰਭੀਰ ਨਹੀਂ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਕੋਲ ਆਪਣੇ ਮੁਲਾਜਮਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵੀ ਸਮਾਂ ਨਹੀਂ ਹੈ।
ਆਗੂਆਂ ਨੇ ਕਿਹਾ ਕਿ ਕੱਲ 9 ਦਸੰਬਰ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਹਿੱਤ ਸੀਪੀਐੱਫ ਯੂਨੀਅਨ ਵੱਲੋਂ ਮੁਹਾਲੀ ਵਿਖੇ ਰੱਖੀ ਰੈਲੀ ਵਿੱਚ ਮੁਲਾਜਮ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਚੰਡੀਗੜ ਦੀਆਂ ਸੜਕਾਂ ਉਤੇ ਉੱਤਰਣਗੇ। ਅੱਜ ਮੁਲਾਜਮਾਂ ਵੱਲੋਂ ਰੋਸ ਮਾਰਚ ਵੱਡੇ ਕਾਫਲੇ ਵਿੱਚ ਸ਼ੁਰੂ ਕਰਕੇ ਡਾਕਖਾਨਾ ਚੌਂਕ ਵਿੱਚ ਘੜੇ ਭੰਨਕੇ ਅਤੇ ਨਾਹਰੇਬਾਜੀ ਕਰਦੇ ਹੋਏ ਰੋਸ ਜਤਾਇਆ ਗਿਆ।
ਸ਼੍ਰੀ ਨਾਹਰ ਸੂਬਾ ਵਧੀਕ ਪ੍ਰੈਸ ਸਕੱਤਰ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ,ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਸਮੇਤ ਹੁਣ ਤੱਕ ਦਾ ਬਕਾਇਆ, 15 ਜਨਵਰੀ 2015 ਦਾ ਨੋਟੀਫਿਕੇਸ਼ਨ ਰੱਦ ਕਰਨਾ, 2020 ਵਿੱਚ ਨਵੀਂ ਭਰਤੀ ਕੇਂਦਰੀ ਪੈਟਰਨ ਤੇ ਕਰਨ ਦਾ ਨੋਟੀਫਿਕੇਸ਼ਨ ਰੱਦ ਕਰਨਾ, 4,9,14 ਸਾਲਾਂ ਏਸੀਪੀ ਸਕੀਮ ਬਹਾਲ ਕਰਨਾ ਆਦਿ ਮੁੱਖ ਮੰਗਾਂ ਬਾਰੇ ਸਰਕਾਰ ਵੱਲੋਂ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਾਰਨ ਮੁਲਾਜਮ ਹੜਤਾਲ ਕਰਕੇ ਮੰਗਾਂ ਮੰਨਵਾਉਣ ਲਈ ਮਜਬੂਰ ਹਨ ਅਤੇ ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਪੂਰੀਆਂ ਕਰਕੇ ਮੁਲਾਜਮਾਂ ਨਾਲ ਇਨਸਾਫ ਕੀਤਾ ਜਾਵੇ। ਰੋਸ ਮਾਰਚ ਦੌਰਾਨ ਵੱਡੀ ਗਿਣਤੀ ਵੱਖ-ਵੱਖ ਵਿਭਾਗਾਂ ਦੇ ਮੁਲਾਜਮ ਹਾਜਿਰ ਰਹੇ।