ਸੰਜੀਦਾ ਬਹਿਸ-ਮੁਬਾਹਿਸੇ ਦੀ ਖੜੋਤ ਟੁੱਟਣ ਦਾ ਸਬੱਬ ਬਣਿਆ ‘ਮੈਂ ਪੰਜਾਬ ਬੋਲਦਾ ਹਾਂ’ ਉਪਰਾਲਾ
ਲੁਧਿਆਣਾ, 1 ਨਵੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਬੁੱਧੀਜੀਵੀਆਂ, ਸਾਹਿਤਕਾਰਾਂ, ਉਦਯੋਗਪਤੀਆਂ ਤੇ ਹੋਰ ਧਿਰਾਂ ਨੇ ਐਸ.ਵਾਈ.ਐਲ. ਦੇ ਸੰਜੀਦਾ ਮਸਲੇ ਉਤੇ ‘ਮੈਂ ਪੰਜਾਬ ਬੋਲਦਾ ਹਾਂ’ ਦੇ ਬੈਨਰ ਹੇਠ ਕਰਵਾਈ ਬਹਿਸ ਨੂੰ ਸਮੂਹਿਕ ਸੂਝ-ਬੂਝ (ਕੁਲੈਕਟਿਵ ਵਿਜ਼ਡਮ) ਬਣਾਉਣ ਵੱਲ ਵੱਡਾ ਕਦਮ ਦੱਸਿਆ, ਜਿਸ ਨਾਲ ਇਸ ਮਸਲੇ ਉਤੇ ਸੰਜੀਦਾ ਬਹਿਸ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ।
ਇੱਥੇ ਬੁੱਧਵਾਰ ਨੂੰ ਇਸ ਬਹਿਸ ਦੌਰਾਨ ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਇਹ ਬਹਿਸ ਐਸ.ਵਾਈ.ਐਲ. ਵਰਗੇ ਸੂਖ਼ਮ ਮਸਲੇ ਉਤੇ ਲੋਕਾਈ ਵਿੱਚ ਗੱਲਬਾਤ ਦੀ ਖੜੋਤ ਨੂੰ ਤੋੜਨ ਦਾ ਸਬੱਬ ਬਣੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਹੁਣ ਤੀਕ ਚੱਲੇ ਲੁੱਟਤੰਤਰ ਦਾ ਨੰਗਾ ਚਿਹਰਾ ਸਭ ਦੇ ਸਾਹਮਣੇ ਪੇਸ਼ ਕੀਤਾ ਹੈ।
ਇਸ ਦੌਰਾਨ ਪੰਜਾਬੀ ਲੇਖਕ ਸ਼ਮਸ਼ੇਰ ਸਿੰਘ ਸੰਧੂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਸੁਣਦਿਆਂ ਇੰਝ ਲੱਗ ਰਿਹਾ ਸੀ ਜਿਵੇਂ ਪੰਜਾਬ ਦੀ ਧਰਤੀ ਆਪਣਾ ਦਰਦ ਸੁਣਾ ਰਹੀ ਹੋਵੇ। ਉਨ੍ਹਾਂ ਕਿਹਾ ਕਿ ਇਹ ਬਹਿਸ ਇਕ ਸਾਰਥਿਕ ਸ਼ੁਰੂਆਤ ਹੈ, ਜਿਸ ਨੇ ਚਿਰਾਂ ਤੋਂ ਲਟਕ ਰਹੇ ਇਸ ਮਸਲੇ ਦੇ ਅਹਿਮ ਪਹਿਲੂ ਲੋਕਾਂ ਦੀ ਕਚਹਿਰੀ ਵਿੱਚ ਰੱਖੇ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਭਗਵੰਤ ਮਾਨ ਨੇ ਅੱਜ ਧੁੰਦਲਾ ਸ਼ੀਸ਼ਾ ਸਾਫ਼ ਕਰ ਵਿਖਾਇਆ ਹੈ। ਉਨ੍ਹਾਂ ਸਿਆਸੀ ਆਗੂਆਂ ਦੀ ਦੋਗਲੀ ਪਹੁੰਚ ਬਾਰੇ ਤੱਥ ਲੋਕਾਂ ਸਾਹਮਣੇ ਰੱਖੇ ਹਨ, ਜਿਸ ਨਾਲ ਸਾਰੀ ਸਥਿਤੀ ਸਪੱਸ਼ਟ ਹੋਣ ਦੀ ਦਿਸ਼ਾ ਵੱਲ ਗੱਲ ਤੁਰੀ ਹੈ।
ਦੂਜੇ ਪਾਸੇ ਉੱਘੇ ਉਦਯੋਗਪਤੀ ਤੇ ਲੁਧਿਆਣਾ ਵਿੱਚ ਰਾਮਗੜ੍ਹੀਆ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਰਣਜੋਧ ਸਿੰਘ ਨੇ ਕਿਹਾ ਕਿ ਦਰਮਿਆਨੇ ਅਤੇ ਲਘੂ ਉਦਯੋਗਾਂ ਦੀ ਰਜਿਸਟਰੇਸ਼ਨ ਵਿੱਚ ਪੰਜਾਬ ਦਾ ਪਹਿਲੇ ਸਥਾਨ ਉਤੇ ਆਉਣਾ ਸੂਬੇ ਲਈ ਜ਼ਿਕਰਯੋਗ ਪ੍ਰਾਪਤੀ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਧਾਈ ਦੀ ਹੱਕਦਾਰ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਮਾਗਮ ਮਗਰੋਂ ਗੱਲਬਾਤ ਕਰਦਿਆਂ ਕਿਹਾ ਕਿ ਨਵ ਪੰਜਾਬ ਦਿਵਸ ਦੇ ਦਿਹਾੜੇ ਉਤੇ ਸੰਵਾਦ ਦੀ ਗੱਲ ਤੋਰਨੀ ਚੰਗੀ ਸ਼ੁਰੂਆਤ ਹੈ। ਇਹ ਗੱਲ ਅੱਗੇ ਤੁਰਨੀ ਚਾਹੀਦੀ ਹੈ ਅਤੇ ਵਿਰੋਧੀ ਧਿਰ ਨੂੰ ਟਲਣ ਦੀ ਥਾਂ ਸਹਿਯੋਗੀ ਰੋਲ ਅਦਾ ਕਰਨਾ ਚਾਹੀਦਾ ਹੈ।
ਕੌਮੀ ਪੁਰਸਕਾਰ ਜੇਤੂ ਅਧਿਆਪਕਾ ਤੇ ਪ੍ਰਸਿੱਧ ਕਵਿੱਤਰੀ ਡਾ. ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਉਤੇ ਵੱਜੇ ਡਾਕਿਆਂ ਦੀ ਵਾਰਤਾ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਸਾਨੂੰ ਕਈ ਅਜਿਹੇ ਪਹਿਲੂਆਂ ਬਾਰੇ ਵੀ ਪਤਾ ਲੱਗਿਆ, ਜੋ ਪਹਿਲਾਂ ਕਦੇ ਆਮ ਲੋਕਾਂ ਵਿੱਚ ਆਏ ਹੀ ਨਹੀਂ ਸਨ।
ਬਹਿਸ ਸਮਾਪਤ ਹੋਣ ਮਗਰੋਂ ਪ੍ਰਸਿੱਧ ਲੇਖਕ ਤੇ ਸੇਵਾਮੁਕਤ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਪੰਜਾਬ ਦੇ ਸਭ ਮਸਲਿਆਂ ਦੇ ਸਰਬਪੱਖੀ ਹੱਲ ਵਾਸਤੇ ਵਿਰੋਧੀ ਪਾਰਟੀਆਂ ਨੂੰ ਸਿਰ ਜੋੜਨਾ ਚਾਹੀਦਾ ਹੈ ਅਤੇ ਇਸ ਦਿਸ਼ਾ ਵਿੱਚ ਇਹ ਸਾਰਥਿਕ ਉਪਰਾਲਾ ਹੈ, ਜਿਸ ਨੇ ਚਿਰਾਂ ਤੋਂ ਰੁਕੀ ਹੋਈ ਗੱਲਬਾਤ ਨੂੰ ਸਹੀ ਦਿਸ਼ਾ ਵੱਲ ਮੋੜਾ ਦਿੱਤਾ ਹੈ।
ਇਸ ਦੌਰਾਨ ਗਾਇਕ ਡਾ. ਸੁਖਨੈਨ ਤੇ ਅਦਾਕਾਰ ਬਾਲ ਮੁਕੰਦ ਸ਼ਰਮਾ ਦਾ ਕਹਿਣਾ ਸੀ ਕਿ ਸ. ਭਗਵੰਤ ਸਿੰਘ ਮਾਨ ਨੇ ਆਪਣੀ ਪੇਸ਼ਕਾਰੀ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਇਮਾਨ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸੱਚ ਕਿਵੇਂ ਬੋਲਣਾ ਹੈ। ਮੁੱਖ ਮੰਤਰੀ ਨੇ ਕਈ ਅਹਿਮ ਮਸਲੇ ਲੋਕਾਂ ਦੀ ਕਚਹਿਰੀ ਵਿੱਚ ਰੱਖ ਕੇ ਸਿਆਸੀ ਆਗੂਆਂ ਵੱਲੋਂ ਪੰਜਾਬ ਨਾਲ ਕਮਾਏ ਧ੍ਰੋਹ ਤੋਂ ਜਾਣੂੰ ਕਰਵਾਇਆ ਹੈ।