ਗੁਰਦਾਸਪੁਰ

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਅਗਾਂਹਵਧੂ ਕਿਸਾਨ ਦੇ ਹਾਈਟੈਕ ਆਰਗੈਨਿਕ ਜੂਸ ਬਾਰ ਦਾ ਉਦਘਾਟਨ

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਅਗਾਂਹਵਧੂ ਕਿਸਾਨ ਦੇ ਹਾਈਟੈਕ ਆਰਗੈਨਿਕ ਜੂਸ ਬਾਰ ਦਾ ਉਦਘਾਟਨ
  • PublishedNovember 1, 2023

ਪਿੰਡ ਬੱਖਤਪੁਰ ਦੇ ਕਿਸਾਨ ਕੁਲਦੀਪ ਸਿੰਘ ਚਾਹਲ ਵੱਲੋਂ ਕੀਤਾ ਜਾ ਰਿਹਾ ਫ਼ਲ, ਸਬਜ਼ੀਆਂ ਦੇ ਆਰਗੈਨਿਕ ਉਤਪਾਦਾਂ ਦਾ ਖੁਦ ਮੰਡੀਕਰਨ

ਗੁਰਦਾਸਪੁਰ, 1 ਨਵੰਬਰ 2023 (ਦੀ ਪੰਜਾਬ ਵਾਇਰ )। ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ ਵੱਲੋਂ ਅੱਜ ਪਿੰਡ ਬੱਖਤਪੁਰ ਦੇ ਕਿਸਾਨ ਕੁਲਦੀਪ ਸਿੰਘ ਚਾਹਲ ਵੱਲੋਂ ਤਿਆਰ ਕੀਤੇ ਆਰਗੈਨਿਕ ਹਾਈਟੈਕ ਜੂਸ ਬਾਰ ਦਾ ਉਦਘਾਟਨ ਕੀਤਾ ਗਿਆ। ਜੂਸ ਬਾਰ ਦਾ ਉਦਘਾਟਨ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨ ਕੁਲਦੀਪ ਸਿੰਘ ਚਾਹਲ ਦਾ ਇਹ ਉੱਦਮ ਬਹੁਤ ਵਧੀਆ ਹੈ ਅਤੇ ਅਜਿਹੇ ਸਹਾਇਕ ਕਿੱਤੇ ਕਰਕੇ ਕਿਸਾਨ ਆਪਣੀ ਆਮਦਨ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਜੂਸ ਬਾਰ ਦੀ ਖਾਸੀਅਤ ਇਹ ਹੈ ਕਿ ਇਥੇ ਗੰਨੇ ਦੇ ਹੋਰ ਫਲ ਜੋ ਪੂਰੀ ਤਰ੍ਹਾਂ ਆਰਗੈਨਿਕ ਵਿਧੀ ਨਾਲ ਤਿਆਰ ਹੋਏ ਹੋਣਗੇ ਉਨ੍ਹਾਂ ਦਾ ਰਸ ਮਿਲੇਗਾ, ਜੋ ਕਿ ਸਿਹਤ ਲਈ ਬਹੁਤ ਗੁਣਕਾਰੀ ਹੋਵੇਗਾ। ਡਾ. ਢਿਲੋਂ ਨੇ ਕਿਹਾ ਕਿ ਕਿਸਾਨ ਕੁਲਦੀਪ ਸਿੰਘ ਚਾਹਲ ਦਾ ਇਹ ਉਪਰਾਲਾ ਹੋਰ ਕਿਸਾਨਾਂ ਨੂੰ ਵੀ ਸਹਾਇਕ ਕਿੱਤਿਆਂ ਵੱਲ ਪ੍ਰੇਰਿਤ ਕਰੇਗਾ।

ਇਸ ਮੌਕੇ ਹਾਜ਼ਰ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੇ ਸਹਾਇਕ ਨਿਰਦੇਸ਼ਕ ਡਾ. ਸਰਬਜੀਤ ਸਿੰਘ ਔਲਖ ਨੇ ਕਿਹਾ ਕਿ ਕਿਸਾਨ ਵੀਰਾਂ ਲਈ ਮੁੱਖ ਫ਼ਸਲਾਂ ਨਾਲ ਰੋਜ਼ਾਨਾ ਆਮਦਨ ਵਧਾਉਣ ਲਈ ਕਿੱਤਾ ਮੁਖੀ ਸਿੱਖਿਆ ਤੇ ਸਿਖਲਾਈ ਦੀ ਬੇਹੱਦ ਲੋੜ ਹੈ, ਜੋ ਕੇ.ਵੀ.ਕੇ. ਗੁਰਦਾਸਪੁਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਮੰਡੀਕਰਨ ਪ੍ਰਬੰਧਾਂ ਲਈ ਬੇਝਿਜਕ ਹੋ ਕੇ ਆਪਣੀ ਉਪਜ ਦੀ ਚੰਗੀ ਬਰਾਡਿੰਗ ਕਰਕੇ ਆਪ ਸੇਲ ਕਰਨ  ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਅੱਜ ਲੋਕ ਚੰਗੇ ਭਵਿੱਖ ਲਈ ਚੰਗੇ ਉਤਪਾਦਾਂ ਨੂੰ ਚੰਗੀ ਸਿਹਤ ਲਈ ਖੁੱਲ੍ਹੇ ਖਰਚੇ ਤੇ ਲੈਣਾ ਪਸੰਦ ਕਰਦੇ ਹਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ਾਂ ਤੱਕ ਭੇਜਦੇ ਆਮ ਦੇਖੇ ਜਾ ਸਕਦੇ ਹਨ। ਇਸ ਦੌਰਾਨ ਇੰਜੀਨੀਅਰ ਡਾ. ਰਵਿੰਦਰ ਸਿੰਘ ਛੀਨਾ ਨੇ ਗੰਨੇ ਦਾ ਰਸ ਟੇਸਟ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਸਾਡੇ ਹੀ ਨੌਜਵਾਨ ਤੇ ਵਿਦੇਸ਼ੀ ਲੋਕਾਂ ਵੱਲੋਂ ਵੀ ਚੰਗੀ ਸੇਲ ’ਤੇ ਰੋਜ਼ਗਾਰ ਲਈ ਏਸੇ ਸਿਸਟਮਜ਼ ਤਹਿਤ ਕੰਮ ਕੀਤਾ ਜਾਂਦਾ ਹੈ।

ਕਿਸਾਨ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਮੈਂ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਕਿਸਾਨ ਹੱਟ ਦਾ ਤੇ ਹੁੱਨਰ ਹੱਟ ਗੁਰਦਾਸਪੁਰ ਅਤੇ ਖੇਤੀ ਵਿਰਾਸਤ ਮਿਸ਼ਨ ਪੰਜਾਬ ਦਾ ਮੈਂਬਰ ਵੀ ਹਾਂ। ਮੈਨੂੰ ਪੰਜਾਬ ਸਰਕਾਰ ਦੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਮਾਣਯੋਗ ਕੁਲਤਾਰ ਸਿੰਘ ਸੰਧਵਾਂ ਜੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਉਹ ਚਾਕਲੇਟ ਗੁੜ, ਸ਼ੱਕਰ, ਦਾਲਾਂ, ਚੱਟਨੀ, ਦਲੀਆਂ, ਰਸੋਈ ਉਤਪਾਦਾਂ ਨੂੰ ਸਭ ਏਸ ਬਾਰ ਵਿੱਚ ਤੇ ਸਾਰੇ ਸਰਕਾਰੀ ਸੇਲ ਪੁਆਇੰਟਾਂ ਸੇਲ ਕਰਦਾ ਹੈ। ਇਸ ਤੋਂ ਇਲਾਵਾ ਲੋਕਾਂ ਵੱਲੋਂ ਉਸਦੁ ਉਤਪਾਦਾਂ ਨੂੰ ਘਰ ਤੋਂ ਵੀ ਖਰੀਦ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਉਪਜ ਦੀ ਆਪ ਮਾਰਕਟਿੰਗ ਕਰਕੇ ਉਸਨੂੰ ਚੋਖਾ ਮੁਨਾਫਾ ਹੋ ਰਿਹਾ ਹੈ।

ਇਸ ਉਦਘਾਟਨ ਮੌਕੇ ਡਾ. ਰਵਿੰਦਰ ਸਿੰਘ ਸੈਣੀ ਤੇ ਡਾ. ਰਾਜੀਵ ਖੋਖਰ ਦੋਨੋਂ ਬਲਾਕ ਖੇਤੀਬਾੜੀ ਅਫ਼ਸਰ ਗੁਰਦਾਸਪੁਰ, ਡਿਪਟੀ ਪ੍ਰੋਜੈਕਟ ਡਾਇਰੈਕਟਰ ਡਾ. ਪ੍ਰਭਜੋਤ ਸਿੰਘ, ਇੰਜੀਨੀਅਰ ਦੀਪਕ ਭਾਰਦਵਾਜ ਅਤੇ ਕਮਲਇੰਦਰਜੀਤ ਬਾਜਵਾ ਬਲਾਕ ਟੈਕਨੋਲੋਜੀ ਮੈਨੇਜਰ ਕਾਹਨੂੰਵਾਨ, ਅੰਮ੍ਰਿਤਪਾਲ ਸਿੰਘ ਏ.ਡੀ.ਓ, ਜੁਝਾਰ ਸਿੰਘ ਤੇ ਕਿਸਾਨ ਹਾਜ਼ਰ ਸਨ।    

Written By
The Punjab Wire