ਚੰਡੀਗੜ੍ਹ, 31 ਅਕਤੂਬਰ 2023 (ਦੀ ਪੰਜਾਬ ਵਾਇਰ)। ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਅੱਜ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਏ। ਪਿੱਠ ਦਰਦ ਕਾਰਨ ਸਾਬਕਾ ਵਿੱਤ ਮੰਤਰੀ ਨੇ ਕਮਰ ਦੁਆਲੇ ਬੈਲਟ ਬੰਨ੍ਹੀ ਹੋਈ ਸੀ। ਵਿਜੀਲੈਂਸ ਨੇ ਪੁੱਛਗਿੱਛ ਲਈ ਕਈ ਸਵਾਲ ਤਿਆਰ ਕੀਤੇ ਹਨ। ਵਿਜੀਲੈਂਸ ਟੀਮ ਵੱਲੋਂ ਮਨਪ੍ਰੀਤ ਬਾਦਲ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।ਦੱਸ ਦੇਈਏ ਕਿ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਦੂਜੀ ਵਾਰ ਸੰਮਨ ਜਾਰੀ ਕੀਤੇ ਸਨ ਅਤੇ 31 ਅਕਤੂਬਰ ਨੂੰ ਵਿਜੀਲੈਂਸ ਰੇਂਜ ਬਠਿੰਡਾ ਦੇ ਦਫ਼ਤਰ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਨੂੰ 23 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ ਪਰ ਉਹ ਪਿੱਠ ਦਰਦ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਏ।
ਇਸ ਦੇ ਨਾਲ ਹੀ ਪੀਜੀਆਈ ਚੰਡੀਗੜ੍ਹ ਨੇ ਆਪਣੇ ਵਕੀਲ ਅਤੇ ਈਮੇਲ ਰਾਹੀਂ ਵਿਜੀਲੈਂਸ ਬਿਊਰੋ ਨੂੰ ਇੱਕ ਹਫ਼ਤੇ ਲਈ ਬੈੱਡ ਰੈਸਟ ਦਾ ਸਰਟੀਫਿਕੇਟ ਸੌਂਪਿਆ ਸੀ। ਇਸ ਤੋਂ ਇਲਾਵਾ ਮਨਪ੍ਰੀਤ ਬਾਦਲ ਨੇ ਹਾਈਕੋਰਟ ਦੇ ਹੁਕਮਾਂ ‘ਤੇ ਆਪਣਾ ਪਾਸਪੋਰਟ ਵੀ ਵਿਜੀਲੈਂਸ ਨੂੰ ਸੌਂਪ ਦਿੱਤਾ ਸੀ।
ਸਾਬਕਾ ਵਿੱਤ ਮੰਤਰੀ ‘ਤੇ ਕੀ ਦਰਜ ਹੈ ਮਾਮਲਾ?
ਬਠਿੰਡਾ ਦੇ ਵਿਜੀਲੈਂਸ ਬਿਊਰੋ ਥਾਣੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਦੀ ਜਾਂਚ ਰਿਪੋਰਟ ਅਨੁਸਾਰ ਮਨਪ੍ਰੀਤ ਬਾਦਲ ਨੇ 2018 ਤੋਂ ਜਦੋਂ ਉਹ ਵਿੱਤ ਮੰਤਰੀ ਸੀ, ਉਦੋਂ ਤੋਂ ਬਠਿੰਡਾ ਦੇ ਮਾਡਲ ਟਾਊਨ ਵਿੱਚ 2 ਪਲਾਟ ਹੜੱਪਣ ਦੀ ਸਾਜ਼ਿਸ਼ ਰਚੀ ਸੀ। ਦੋਸ਼ ਹੈ ਕਿ ਪੁੱਡਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਨ੍ਹਾਂ ਪਲਾਟਾਂ ਦੀ ਜਾਅਲੀ ਬੋਲੀ ਕਰਵਾਈ ਗਈ। ਬੋਲੀ ਦੌਰਾਨ ਉਨ੍ਹਾਂ ਦੇ ਨਕਸ਼ੇ ਅਪਲੋਡ ਨਹੀਂ ਕੀਤੇ ਗਏ ਸਨ, ਜਿਸ ਕਾਰਨ ਕਿਸੇ ਨੂੰ ਟਿਕਾਣੇ ਦਾ ਪਤਾ ਨਹੀਂ ਲੱਗ ਸਕਦਾ ਸੀ। ਜਦੋਂ ਕਿ ਰਿਹਾਇਸ਼ੀ ਪਲਾਟ ਕਮਰਸ਼ੀਅਲ ਦਿਖਾਇਆ ਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਕਿਸੇ ਨੇ ਨਹੀਂ ਖਰੀਦਿਆ। ਇਸ ਤੋਂ ਬਾਅਦ ਦੁਬਾਰਾ ਬੋਲੀ ਲਗਾਈ ਗਈ। ਜਿਸ ਵਿੱਚ ਮਨਪ੍ਰੀਤ ਦੇ ਕਰੀਬੀ ਵਿਕਾਸ ਅਰੋੜਾ ਅਤੇ ਰਾਜੀਵ ਕੁਮਾਰ ਨੇ ਇਹ ਪਲਾਟ ਖਰੀਦਿਆ ਅਤੇ ਸਸਤੇ ਭਾਅ ‘ਤੇ ਪਲਾਟ ਖਰੀਦਣ ਤੋਂ ਬਾਅਦ ਦੋਵਾਂ ਨੇ ਮਨਪ੍ਰੀਤ ਬਾਦਲ ਨੂੰ ਪਲਾਟ ਵੇਚ ਦਿੱਤਾ। ਦੋ ਪਲਾਟ ਸਸਤੇ ਭਾਅ ਵਿਕਣ ਕਾਰਨ ਸਰਕਾਰ ਨੂੰ 68 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਿਜੀਲੈਂਸ ਦਾ ਦਾਅਵਾ ਹੈ ਕਿ ਪੂਰੀ ਵਿਉਂਤਬੰਦੀ ਤਹਿਤ ਮਨਪ੍ਰੀਤ ਬਾਦਲ ਨੂੰ ਇਹ ਪਲਾਟ ਅਲਾਟ ਕਰਵਾਉਣ ਲਈ ਪੂਰੀ ਸਾਜ਼ਿਸ਼ ਰਚੀ ਗਈ ਸੀ।