ਲੁਧਿਆਣਾ ਵਿੱਚ ਲੱਖਾਂ ਮੁਸਲਮਾਨਾਂ ਨੇ ਫਲਸਤੀਨ ਲਈ ਕੈਂਡਲ ਮਾਰਚ ਕੱਢਿਆ
ਹਸਪਤਾਲਾਂ ‘ਤੇ ਇਜ਼ਰਾਈਲ ਦੀ ਬੰਬਾਰੀ ਸ਼ਰਮਨਾਕ: ਸ਼ਾਹੀ ਇਮਾਮ ਪੰਜਾਬ
ਲੁਧਿਆਣਾ, 23 ਅਕਤੂਬਰ 2023 (ਦੀ ਪੰਜਾਬ ਵਾਇਰ)। ਇਤਿਹਾਸਕ ਜਾਮਾ ਮਸਜਿਦ ਦੇ ਸਾਹਮਣੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਹੇਠ ਇੱਕ ਲੱਖ ਤੋਂ ਵੱਧ ਮੁਸਲਮਾਨਾਂ ਨੇ ਫਲਸਤੀਨ ਦੇ ਦੱਬੇ-ਕੁਚਲੇ ਮੁਸਲਮਾਨਾਂ ਦੇ ਹੱਕ ਵਿੱਚ ਵਿਸ਼ਾਲ ਕੈਂਡਲ ਮਾਰਚ ਕੱਢਿਆ। ਇਸ ਮੋਮਬੱਤੀ ਮਾਰਚ ਵਿੱਚ ਲੁਧਿਆਣਾ ਦੀਆਂ ਵੱਖ-ਵੱਖ ਮਸਜਿਦਾਂ ਦੇ ਇਮਾਮ ਸਾਹਿਬਾਨ, ਪ੍ਰਧਾਨ ਸਾਹਿਬਾਨ ਅਤੇ ਸਮਾਜ ਸੇਵਕਾਂ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ, ਇਹ ਵਿਸ਼ਾਲ ਕੈਂਡਲ ਮਾਰਚ ਫੀਲਡਗੰਜ ਚੌਕ ਜਾਮਾ ਮਸਜਿਦ ਤੋਂ ਸ਼ੁਰੂ ਹੋ ਕੇ ਜੇਲ੍ਹ ਰੋਡ ਕੁਚਾ ਨੰਬਰ 16 ਤੋਂ ਹੁੰਦਾ ਹੋਇਆ ਵਾਪਸ ਜਾਮਾ ਮਸਜਿਦ ਪਹੁੰਚਿਆ, ਜਿੱਥੇ ਅਹਲੇ ਫਲਸਤੀਨ ਦੇ ਹੱਕਾਂ ਲਈ ਅਰਦਾਸ ਨਾਲ ਇਹ ਸਮਾਪਤ ਹੋਇਆ।
ਇਸ ਮੌਕੇ ਬੋਲਦਿਆਂ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਆਪਣੀ ਆਜ਼ਾਦੀ ਲਈ ਆਵਾਜ਼ ਚੁੱਕਣ ਵਾਲੇ ਫਲਸਤੀਨ ਦੇ ਲੋਕਾਂ ਨੂੰ ਅੱਤਵਾਦੀ ਕਹਿਣਾ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦੀਆਂ ਅੱਤਵਾਦੀ ਕਾਰਵਾਈਆਂ ਪੂਰੀ ਤਰ੍ਹਾਂ ਗਲਤ ਹਨ, ਉਹ ਬੱਚਿਆਂ ਅਤੇ ਆਮ ਨਾਗਰਿਕਾਂ ਨੂੰ ਮਾਰ ਰਹੇ ਹਨ ਅਤੇ ਲਗਾਤਾਰ ਮਨੁੱਖਤਾ ਦਾ ਘਾਣ ਕਰ ਰਹੇ ਹਨ, ਜਿਸ ਦਾ ਵਿਸ਼ਵ ਭਾਈਚਾਰੇ ਨੂੰ ਵਿਰੋਧ ਕਰਨਾ ਚਾਹੀਦਾ ਹੈ।
ਸ਼ਾਹੀ ਇਮਾਮ ਨੇ ਕਿਹਾ ਕਿ ਕਿਸੇ ਦੇ ਤਾਕਤਵਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਸ ਵੱਲੋਂ ਕੀਤਾ ਗਿਆ ਕਤਲ ਜਾਇਜ਼ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਫਲਸਤੀਨ ਦਾ ਮਸਲਾ ਬਿਲਕੁਲ ਈਸਟ ਇੰਡੀਆ ਕੰਪਨੀ ਦਾ ਹੈ ਜਿਸ ਨੇ ਇਕ ਸਾਜ਼ਿਸ਼ ਦੇ ਤਹਿਤ ਸਾਡੇ ਦੇਸ਼ ‘ਤੇ ਕਬਜ਼ਾ ਕਰ ਲਿਆ ਅਤੇ ਅੱਤਿਆਚਾਰ ਕਰਦੇ ਰਹੇ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਬੇਸਹਾਰਾ ਫਲਸਤੀਨ ਦੀ ਹਮਾਇਤ ਕਰਨ ਦੀ ਅਪੀਲ ਕਰਦੇ ਹਾਂ।