ਤਿਓਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਵਿਸ਼ੇਸ਼ ਚੈਕਿੰਗ ਕਰਨ ਦੀਆਂ ਹਦਾਇਤਾਂ ਜਾਰੀ
ਗੁਰਦਾਸਪੁਰ, 14 ਅਕਤੂਬਰ 2023 (ਦੀ ਪੰਜਾਬ ਵਾਇਰ)। ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਸੁਭਾਸ਼ ਚੰਦਰ ਵੱਲੋਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪੋ੍ਰਗਰਾਮਾਂ ਬਾਰੇ ਚਰਚਾ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਬੇਹਤਰ ਸਿਹਤ ਸੇਵਾਵਾਂ ਦੇਣ ਲਈ ਜ਼ਿਲ੍ਹੇ ਵਿੱਚ 6 ਹੋਰ ਨਵੇਂ ਆਮ ਆਦਮੀ ਕਲੀਨਿਕ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਪਾਰਕ, ਫ਼ਤਹਿਗੜ੍ਹ ਚੂੜੀਆਂ, ਪਿੰਡ ਜੌੜੀਆਂ ਕਲਾਂ, ਪੁਰਾਣੀ ਸਬ ਤਹਿਸੀਲ ਧਾਰੀਵਾਲ, ਨਵੀਂ ਅਨਾਜ ਮੰਡੀ ਨੇੜੇ ਮਾਰਕਿਟ ਕਮੇਟੀ ਦਫ਼ਤਰ ਬਟਾਲਾ, ਪੁਰਾਣੀ ਸਿਵਲ ਡਿਸਪੈਂਸਰੀ ਨੇੜੇ ਬੱਸ ਸਟੈਂਡ ਦੀਨਾਨਗਰ ਅਤੇ ਬੱਸ ਅੱਡੇ ਦੇ ਪਿੱਛੇ ਪਾਰਕ ਕਾਦੀਆਂ ਸ਼ਾਮਲ ਹਨ, ਬਣ ਕੇ ਤਿਆਰ ਹੋ ਗਏ ਹਨ ਅਤੇ ਸੂਬਾ ਸਰਕਾਰ ਵੱਲੋਂ ਜਲਦ ਹੀ ਇਨ੍ਹਾਂ ਕਲੀਨਿਕਾਂ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ (ਜ) ਸੁਭਾਸ਼ ਚੰਦਰ ਨੇ ਸਿਹਤ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਸਿਹਤ ਸੰਸਥਾਵਾਂ ਵਿਚ ਜੋ ਵੀ ਦਿੱਕਤ ਆ ਰਹੀ ਹੈ ਉਸ ਦਾ ਖਾਕਾ ਤਿਆਰ ਕੀਤਾ ਜਾਵੇ ਅਤੇ ਇਸ ਨੂੰ ਦਰੁਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦੀ ਛੇਤੀ ਰਜਿਸਟਰੇਸ਼ਨ ਕੀਤੀ ਜਾਵੇ ਤਾਂ ਜੋ ਲਿੰਗ ਨਿਰਧਾਰਨ ਜਾਂਚ ਅਤੇ ਕੰਨਿਆ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਸਿਹਤ ਵਿਭਾਗ ਦੀਆਂ ਫੂਡ ਸੇਫ਼ਟੀ ਟੀਮਾਂ ਨੂੰ ਹਦਾਇਤ ਕੀਤੀ ਹੈ ਕਿ ਤਿਓਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਨੂੰ ਰੋਕਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਸਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਡੇਂਗੂ ਦੇ 259 ਕੇਸ ਅਤੇ ਚਿਕਨਗੁਣੀਆਂ ਦੇ 45 ਕੇਸ ਸਾਹਮਣੇ ਆਉਣ ’ਤੇ ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਇਸ ਸਬੰਧੀ ਹੋਰ ਚੌਕਸੀ ਵਰਤਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ, ਚਿਕਨਗੁਨੀਆ ਨਾ ਫੈਲੇ ਇਸ ਲਈ ਲਾਰਵਾ ਚੈੱਕ ਕੀਤਾ ਜਾਵੇ ਅਤੇ ਚਲਾਨ ਕੀਤੇ ਜਾਣ। ਡੇਂਗੂ ਲਾਰਵਾ ਨੂੰ ਨਸ਼ਟ ਕਰਨ ਲਈ ਸਕੂਲਾਂ ਵਿੱਚ ਗਤੀਵਿਧੀਆਂ ਕਰਵਾਉਣ ਲਈ ਕਿਹਾ ਗਿਆ।
ਇਸ ਮੌਕੇ ਉਨਾਂ ਅੰਤਰ-ਰਾਸ਼ਟਰੀ ਆਫ਼ਤ ਜ਼ੋਖ਼ਮ ਘਟਾਉਣ ਦਿਵਸ ਮੌਕੇ ਕਿਸੇ ਵੀ ਤਰਾਂ ਦੀ ਆਫ਼ਤ ਤੋਂ ਨਜਿੱਠਣ ਲਈ ਤਿਆਰ ਰਹਿਣ ਲਈ ਸਿਹਤ ਸੰਸਥਾਵਾਂ ਵੱਲੋਂ ਖ਼ਤਰਿਆਂ ਦਾ ਮੁਲਾਂਕਣ ਕਰਨ ਲਈ ਵੀ ਕਿਹਾ ਗਿਆ।
ਮੀਟਿੰਗ ਦੌਰਾਨ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ, ਡੀ.ਐੱਮ.ਸੀ. ਡਾ. ਰੋਮੀ ਰਾਜਾ, ਡਾ. ਪ੍ਭਜੋਤ ਕਲਸੀ, ਡਾ. ਮਮਤਾ, ਡਾ. ਵੰਦਨਾ, ਡੀ.ਡੀ.ਐੱਚ.ਓ ਡਾ. ਲੋਕੇਸ਼, ਡੀ.ਟੀ.ਓ. ਡਾ. ਅਤਰੀ, ਸਮੂਹ ਐੱਸ.ਐੱਮ.ਓਜ਼ ਵੀ ਹਾਜ਼ਰ ਸਨ।