ਚੰਡੀਗੜ੍ਹ, 30 ਸਤੰਬਰ 2023 ( ਦੀ ਪੰਜਾਬ ਵਾਇਰ )। ਉੱਘੇ ਸਿੱਖਿਆ ਸ਼ਾਸਤਰੀ ਅਤੇ ਕੈਮਿਸਟਰੀ ਦੇ ਪ੍ਰੋਫੈਸਰ ਸ੍ਰੀ ਬੀ.ਸੀ. ਵਰਮਾ ਜੋ ਬੀਤੇ ਦਿਨੀਂ ਸਵਰਗ ਸੁਧਾਰ ਗਏ ਸਨ, ਨਮਿੱਤ ਪ੍ਰਾਥਨਾ ਸਭਾ 1 ਅਕਤੂਬਰ ਨੂੰ ਮਾਤਾ ਮਨਸਾ ਦੇਵੀ ਕੰਪਲੈਕਸ ਪੰਚਕੂਲਾ ਵਿਖੇ ਬਾਅਦ ਦੁਪਹਿਰ 2 ਤੋਂ 3 ਵਜੇ ਹੋਵੇਗੀ।
ਪ੍ਰੋ ਬੀ.ਸੀ. ਵਰਮਾ ਦਾ ਜਨਮ 2 ਅਪ੍ਰੈਲ, 1934 ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਲੈਲਾ ਵਿਖੇ ਹੋਇਆ। ਬਚਪਨ ਤੋਂ ਹੀ ਪੜ੍ਹਾਈ ਦੀ ਲਗਨ ਕਾਰਨ ਉਹ ਪਹਿਲਾਂ ਪੈਦਲ ਅਤੇ ਫੇਰ ਸਾਈਕਲ ਉਤੇ 15 ਕਿਲੋਮੀਟਰ ਦੂਰ ਪਟਿਆਲਾ ਸ਼ਹਿਰ ਪੜ੍ਹਨ ਜਾਂਦੇ ਸਨ। ਮੇਰਠ ਵਿਖੇ ਉਨ੍ਹਾਂ ਬੀ.ਐਸਸੀ. ਤੇ ਐਮ.ਐਸਸੀ. ਦੀ ਪੜ੍ਹਾਈ ਕੀਤੀ। ਸਾਂਝੇ ਪੰਜਾਬ ਵਿੱਚ ਨਾਰਨੌਲ ਵਿਖੇ ਬਤੌਰ ਕੈਮਿਸਟਰੀ ਵਿਸ਼ੇ ਦੇ ਲੈਕਚਰਾਰ ਵਜੋਂ ਸੇਵਾਵਾਂ ਦੀ ਸ਼ੁਰੂਆਤ ਕਰਦਿਆਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਵੀ ਸੇਵਾਵਾਂ ਨਿਭਾਈਆਂ। ਲੰਬਾ ਸਮਾਂ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਕੈਮਿਸਟਰੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਸਰਕਾਰੀ ਕਾਲਜ ਪੱਟੀ ਅਤੇ ਸਰਕਾਰੀ ਸਪੋਰਟਸ ਕਾਲਜ ਜਲੰਧਰ ਦੇ ਪ੍ਰਿੰਸੀਪਲ ਰਹਿਣ ਉਪਰੰਤ ਡੀ.ਪੀ.ਆਈ. ਕਾਲਜਾਂ ਵਿਖੇ ਬਤੌਰ ਡਿਪਟੀ ਡਾਇਰੈਕਟਰ ਵਜੋਂ ਸੇਵਾ-ਮੁਕਤ ਹੋਏ।
ਆਪਣੇ ਅਧਿਆਪਨ ਦੇ ਕਾਰਜਕਾਲ ਦੌਰਾਨ ਸ੍ਰੀ ਵਰਮਾ ਵਿਦਿਆਰਥੀਆਂ ਵਿੱਚ ਬਹੁਤ ਮਕਬੂਲ ਸਨ। ਅੱਸੀ ਦੇ ਦਹਾਕੇ ਵਿੱਚ ਜਦੋਂ ਟਿਊਸ਼ਨਾਂ ਦਾ ਦੌਰ ਸਿਖਰ ਉੱਤੇ ਸੀ, ਉਦੋਂ ਸ੍ਰੀ ਵਰਮਾ ਨੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਗਰੀਬ, ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਘਰ ਵਿਖੇ ਮੁਫ਼ਤ ਪੜ੍ਹਾ ਕੇ ਜੱਸ ਖੱਟਿਆ। ਉਹ ਅਨੇਕਾਂ ਪਰਿਵਾਰਾਂ ਦੇ ਬੱਚਿਆਂ ਲਈ ਰਾਹਗੀਰ ਬਣੇ ਅਤੇ ਲੋੜਵੰਦ ਦੀ ਭੱਜ ਕੇ ਮੱਦਦ ਕਰਦੇ। ਆਪਣੇ ਵਿਦਿਆਰਥੀਆਂ ਦੇ ਅਕਾਦਮਿਕ ਮਾਮਲਿਆਂ ਵਿੱਚ ਹਰ ਤਰ੍ਹਾਂ ਦੀ ਮੱਦਦ ਕਰਨ ਦੇ ਨਾਲ ਆਪਣੇ ਸਹਾਇਕ ਕਰਮਚਾਰੀਆਂ ਪ੍ਰਤੀ ਵੀ ਸੁਹਿਰਦ ਤੇ ਉਸਾਰੂ ਸੋਚ ਰੱਖਦੇ ਸਨ।
ਪ੍ਰੋ. ਬੀ.ਸੀ. ਵਰਮਾ ਦੇ ਪੜ੍ਹਾਏ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਉਚ ਅਹੁਦਿਆਂ ਉਤੇ ਪਹੁੰਚੇ ਜਿਨ੍ਹਾਂ ਵਿੱਚ ਸਿਵਲ ਤੇ ਪੁਲਿਸ ਅਧਿਕਾਰੀ, ਪ੍ਰੋਫੈਸਰ ਅਤੇ ਵੱਡੀ ਗਿਣਤੀ ਵਿੱਚ ਡਾਕਟਰ ਸ਼ਾਮਲ ਹਨ। ਪ੍ਰੋ. ਵਰਮਾ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਮਰਪਿਤ ਸਖਸ਼ੀਅਤ ਸਨ। ਪ੍ਰੋ. ਬੀ.ਸੀ. ਵਰਮਾ ਵੱਲੋਂ ਦਿਖਾਏ ਮਾਰਗ ਸਦਕਾ ਸਮੁੱਚੇ ਪਰਿਵਾਰ ਨੇ ਆਪਣੇ ਜੀਵਨ ਵਿੱਚ ਬੁਲੰਦੀਆਂ ਨੂੰ ਛੂਹਿਆ ਅਤੇ ਸਮਰਪਿਤ ਹੋ ਕੇ ਮਿਸ਼ਨਰੀ ਭਾਵਨਾ ਨਾਲ ਦੇਸ਼ ਦੀ ਸੇਵਾ ਕਰ ਰਿਹਾ ਹੈ।
ਪ੍ਰੋ. ਵਰਮਾ ਦੇ ਧਰਮ ਪਤਨੀ ਕੌਸ਼ਲਿਆ ਅੰਗਰੇਜ਼ੀ ਦੇ ਲੈਕਚਰਾਰ ਸਨ ਜਿਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਲੰਬਾ ਸਮਾਂ ਸੇਵਾਵਾਂ ਨਿਭਾਉਣ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਪਿ੍ਰੰਸੀਪਲ ਅਤੇ ਪਟਿਆਲਾ ਜ਼ਿਲੇ ਦੇ ਉਪ ਜ਼ਿਲਾ ਸਿੱਖਿਆ ਅਫਸਰ ਵਜੋਂ ਵੀ ਵਡਮੁੱਲੀਆਂ ਸੇਵਾਵਾਂ ਨਿਭਾਈਆਂ। ਸ੍ਰੀਮਤੀ ਕੌਸ਼ਲਿਆ ਬਾਲ ਨਿਕੇਤਨ ਵਿਖੇ ਅਨਾਥ ਬੱਚੀਆਂ ਨੂੰ ਵਿਸ਼ੇਸ਼ ਤੌਰ ਉਤੇ ਪੜ੍ਹਾਉਣ ਜਾਂਦੇ ਰਹੇ। ਘਰ ਵਿੱਚ ਵਿਦਿਅਕ ਤੇ ਉਸਾਰੂ ਮਾਹੌਲ ਸੀ ਕਿ ਜੋ ਵੀ ਮਹਿਮਾਨ ਘਰ ਆਉਂਦਾ ਤਾਂ ਉਨ੍ਹਾਂ ਨੂੰ ਤੋਹਫੇ ਵਿੱਚ ਪੁਸਤਕਾਂ ਦੇਣ ਦਾ ਰਿਵਾਜ ਸੀ।
ਅਧਿਆਪਕ ਪਰਿਵਾਰ ਵਿੱਚ ਜਨਮੇ ਵੱਡੇ ਪੁੱਤਰ ਅਨੁਰਾਗ ਵਰਮਾ ਜਿੱਥੇ ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਦੀ ਇੰਜਨੀਅਰਿੰਗ ਡਿਗਰੀ ਦੇ ਗੋਲਡ ਮੈਡਲਿਸਟ ਹਨ ਉਥੇ 1993 ਵਿੱਚ ਭਾਰਤੀ ਸਿਵਲ ਸੇਵਾਵਾਂ (ਆਈ.ਏ.ਐਸ.) ਪ੍ਰੀਖਿਆ ਵਿੱਚ ਸੱਤਵੇਂ ਸਥਾਨ ਉਤੇ ਆਏ ਅਤੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ, ਲੁਧਿਆਣਾ ਤੇ ਜਲੰਧਰ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਵੱਖ-ਵੱਖ ਅਹਿਮ ਅਹੁਦਿਆਂ ’ਤੇ ਰਹਿਣ ਤੋਂ ਬਾਅਦ ਮੌਜੂਦਾ ਸਮੇਂ ਪੰਜਾਬ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ। ਦੂਜੇ ਪੁੱਤਰ ਆਸ਼ੀਸ਼ ਵਰਮਾ ਲਾਅ ਗਰੈਜੂਏਟ ਹਨ ਅਤੇ ਮੌਜੂਦਾ ਸਮੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਐਡਵੋਕੇਟ ਹਨ।