20 ਟਨ ਪ੍ਰਤੀ ਦਿਨ ਸਮਰੱਥਾ ਵਾਲਾ ਪ੍ਰਾਜੈਕਟ ਸਾਲਾਨਾ 49,350 ਮੀਟਰਕ ਟਨ ਖੇਤੀ ਰਹਿੰਦ-ਖੂੰਹਦ, ਉਦਯੋਗਿਕ/ਮਿਉਂਸਪਲ ਵੇਸਟ ਦੀ ਕਰੇਗਾ ਖਪਤ
ਪ੍ਰਾਜੈਕਟ ਦੇ ਇਸ ਸਾਲ ਦੇ ਅੰਤ ਤੱਕ ਕਾਰਜਸ਼ੀਲ ਹੋਣ ਦੀ ਸੰਭਾਵਨਾ
ਚੰਡੀਗੜ੍ਹ, 24 ਸਤੰਬਰ 2023 ( ਦੀ ਪੰਜਾਬ ਵਾਇਰ)।ਸੂਬੇ ਵਿੱਚ ਕਿਫਾਇਤੀ ਦਰਾਂ ‘ਤੇ ਗਰੀਨ ਊਰਜਾ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 140 ਕਰੋੜ ਰੁਪਏ ਦੀ ਲਾਗਤ ਨਾਲ ਕੰਪਰੈੱਸਡ ਬਾਇਓ-ਗੈਸ (ਸੀ.ਬੀ.ਜੀ.) ਪ੍ਰਾਜੈਕਟ ਸਥਾਪਤ ਕੀਤਾ ਜਾਵੇਗਾ।
ਇਸ ਪ੍ਰਾਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਰੋਟੀ ਵਿਖੇ ਪ੍ਰਤੀ ਦਿਨ 20 ਟਨ ਤੋਂ ਵੱਧ ਸੀ.ਬੀ.ਜੀ. ਸਮਰੱਥਾ ਵਾਲਾ ਪ੍ਰਾਜੈਕਟ ਅਲਾਟ ਕੀਤਾ ਹੈ। ਇਸ ਪ੍ਰਾਜੈਕਟ ਦੇ ਦਸੰਬਰ 2023 ਤੱਕ ਚਾਲੂ ਹੋਣ ਦੀ ਸੰਭਾਵਨਾ ਹੈ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਸੀ.ਬੀ.ਜੀ. ਪਲਾਂਟ ਲਈ ਤਕਰੀਬਨ 40 ਏਕੜ ਜ਼ਮੀਨ ਰੱਖੀ ਗਈ ਹੈ ਅਤੇ ਇਹ ਪਲਾਂਟ ਸਾਲਾਨਾ ਲਗਭਗ 49,350 ਮੀਟਰਕ ਟਨ ਖੇਤੀ ਰਹਿੰਦ-ਖੂੰਹਦ, ਉਦਯੋਗਿਕ/ਮਿਉਂਸਪਲ ਵੇਸਟ ਅਤੇ ਪ੍ਰੈਸ ਮੱਡ ਦੀ ਖਪਤ ਕਰਨ ਤੋਂ ਇਲਾਵਾ ਪ੍ਰਤੀ ਦਿਨ 91 ਟਨ ਜੈਵਿਕ ਖਾਦ ਵੀ ਪੈਦਾ ਕਰੇਗਾ। ਇਸ ਪ੍ਰੋਜੈਕਟ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਲਗਭਗ 200 ਵਿਅਕਤੀਆਂ ਨੂੰ ਰੋਜ਼ਗਾਰ ਵੀ ਮਿਲੇਗਾ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਕਿਸਾਨਾਂ ਲਈ ਮਾਲੀਏ ਦਾ ਵਾਧੂ ਸਰੋਤ ਪੈਦਾ ਕਰਨ ਦੇ ਨਾਲ-ਨਾਲ ਸਸਤੀ ਗਰੀਨ ਊਰਜਾ ਦੀ ਉਪਲਬਧਤਾ, ਖੇਤੀ ਰਹਿੰਦ-ਖੂੰਹਦ, ਪਸ਼ੂਆਂ ਦੇ ਗੋਹੇ ਅਤੇ ਮਿਉਂਸਪਲ ਠੋਸ ਰਹਿੰਦ-ਖੂੰਹਦ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਉਣਾ ਹੈ। ਇਹ ਪਹਿਲਕਦਮੀ ਜਿੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ ਉਥੇ ਹੀ ਇਸ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।