ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਆਪ੍ਰੇਸ਼ਨ ਨੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਨੂੰ ਕੀਤਾ ਨਾਕਾਮ

ਗੁਰਦਾਸਪੁਰ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਆਪ੍ਰੇਸ਼ਨ ਨੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਨੂੰ ਕੀਤਾ ਨਾਕਾਮ
  • PublishedSeptember 24, 2023

12 ਕਿਲੋਂ ਹੈਰੋਇਨ ਅਤੇ 19.30 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ

ਗੁਰਦਾਸਪੁਰ, 24 ਸਤੰਬਰ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਆਪ੍ਰੇਸ਼ਨ ਨੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਨੂੰ ਇਕ ਵਾਰ ਫੇਰ ਨਾਕਾਮ ਕਰ ਦਿੱਤਾ ਹੈ। ਇਕ ਵਾਰ ਫੇਰ ਸੰਯੁਕਤ ਆਪ੍ਰੇਸ਼ਨ ਦੌਰਾਨ ਭਾਰਤੀ ਸੁਰਖਿਆ ਏਜੰਸਿਆ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਅਤੇ ਉਨ੍ਹਾਂ ਵੱਲੋਂ 12 ਕਿਲੋ ਹੈਰੋਇਨ ਅਤੇ 19.30 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੀ ਗਈ ਸੀ। ਪੁਲਿਸ ਵੱਲੋਂ ਇਸ ਮਾਮਲੇ ‘ਚ ਦੋ ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਬੀਐਸਐਫ ਦੀ 58 ਬਟਾਲੀਅਨ ਨੇ ਦੋਰਾਂਗਲਾ ਦੇ ਬੀਓਪੀ ਅਡਿਆਣ ਵਿਖੇ ਸ਼ਨੀਵਾਰ ਰਾਤ ਨੂੰ ਇੱਕ ਅਣਪਛਾਤੀ ਉੱਡਣ ਵਾਲੀ ਚੀਜ਼ ਦੀ ਗੂੰਜ ਸੁਣੀ। ਜਿਵੇਂ ਹੀ ਬੀਐਸਐਫ ਜਵਾਨਾਂ ਨੇ ਗੋਲੀਬਾਰੀ ਕਰਨ ਦੀ ਯੋਜਨਾ ਬਣਾਈ ਤਾਂ ਅਣਪਛਾਤੀ ਵਸਤੂ 8 ਮਿੰਟ ਤੱਕ ਭਾਰਤੀ ਸਰਹੱਦ ਦਾ ਚੱਕਰ ਲਗਾਉਣ ਤੋਂ ਬਾਅਦ ਵਾਪਸ ਪਰਤ ਗਈ। ਹਾਲਾਂਕਿ ਇਸ ਦੌਰਾਨ ਨਾ ਤਾਂ ਸੀਮਾ ਸੁਰੱਖਿਆ ਬਲ ਦੇ ਜਵਾਨ ਇਸ ‘ਤੇ ਗੋਲੀ ਚਲਾ ਸਕੇ ਅਤੇ ਨਾ ਹੀ ਹਲਕੇ ਬੰਬ ਸੁੱਟ ਸਕੇ।

ਭਾਰਤੀ ਸਰਹੱਦ ‘ਤੇ ਡਰੋਨਾਂ ਦੀ ਗਤੀਵਿਧੀ ਦੇ ਮੱਦੇਨਜ਼ਰ ਬੀਐਸਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਦੀ ਮਦਦ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਸਾਂਝਾ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਸੀ। ਇਸ ਸਾਂਝੀ ਕਾਰਵਾਈ ਦੌਰਾਨ ਪਿੰਡ ਚੌੜਾ ਕਲਾਂ ਤੋਂ 12 ਕਿੱਲੋ ਹੈਰੋਇਨ ਅਤੇ 19 ਲੱਖ 30 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਸੁਰਿੰਦਰ ਸਿੰਘ ਅਤੇ ਜਗਪ੍ਰੀਤ ਸਿੰਘ ਵਾਸੀ ਅਲਾਦ ਪਿੰਡੀ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਜਿਹਨਾਂ ਤੋਂ ਹੋਰ ਪੁੱਛਗਿਛ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲ ਹੀ ਵਿੱਚ ਵੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡੇਰਾ ਬਾਬਾ ਨਾਨਕ ਖੇਤਰ ਵਿੱਚ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਡਰੋਨ ਵਰਗੀ ਸ਼ੱਕੀ ਵਸਤੂ ਦੀ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਬਾਅਦ ‘ਚ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਦੂਜੇ ਪਾਸੇ ਥਾਣਾ ਕਲਾਨੌਰ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਏਸੀ ਕੰਪਨੀ ਕਮਾਂਡੈਂਟ ਬੀਓਪੀ ਚੰਦੂ ਵਡਾਲਾ ਭੁਪਿੰਦਰ ਕੁਮਾਰ ਨੇ ਦੱਸਿਆ ਕਿ 22 ਸਤੰਬਰ ਨੂੰ ਏਐਸਆਈ ਰਮੀਨ ਸਿੰਘ, ਕਾਂਸਟੇਬਲ ਟੇਕਮ ਨੰਦ ਕਿਸ਼ੋਰ ਅਤੇ ਐਚਸੀ ਸੁਖਲਾ ਸਿੰਘ ਡਿਊਟੀ ’ਤੇ ਸਨ। ਬੀਓਪੀ ਚੰਦੂ ਵਡਾਲਾ ਦੇ ਨਾਲ ਦੁਪਹਿਰ ਕਰੀਬ 1.55 ਵਜੇ ਪਾਕਿਸਤਾਨ ਤੋਂ ਭਾਰਤ ਵੱਲ ਆ ਰਹੇ ਇੱਕ ਡਰੋਨ ਦੇ ਸ਼ੱਕੀ ਉੱਡਣ ਦੀ ਗੂੰਜ ਸੁਣਾਈ ਦਿੱਤੀ। ਜਿਸ ਤੋਂ ਬਾਅਦ ਕਾਂਸਟੇਬਲ ਟੇਕਮ ਨੰਦ ਕਿਸ਼ੋਰ ਨੇ ਭਾਰਤ ਵੱਲ ਉਡਾਣ ਭਰਨ ਵਾਲੀ ਵਸਤੂ ਦੀ ਆਵਾਜ਼ ਦੀ ਦਿਸ਼ਾ ਵਿੱਚ ਆਪਣੀ ਰਾਈਫਲ ਤੋਂ 2 ਰਾਉਂਡ ਫਾਇਰ ਕੀਤੇ। ਜਦਕਿ ਐਚ.ਸੀ ਸੁਖਲਾ ਸਿੰਘ ਨੇ ਵੀ 2 ਰਾਊਂਡ ਫਾਇਰ ਕੀਤੇ। ਪਰ ਬਾਅਦ ਵਿੱਚ ਕੋਈ ਵਸਤੂ ਬਰਾਮਦ ਨਹੀਂ ਹੋਈ।

Written By
The Punjab Wire