ਨਵੀਂ ਦਿੱਲੀ, 21 ਸਤੰਬਰ 2023 (ਦੀ ਪੰਜਾਬ ਵਾਇਰ)। ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਦੇ ਮਾਮਲੇ ‘ਚ ਭਾਰਤ ਅਤੇ ਕੈਨੇਡਾ ਵਿਚਾਲੇ ਪੈਦਾ ਹੋਏ ਤਣਾਅ ਦਰਮਿਆਨ ਭਾਰਤ ਨੇ ਇਕ ਹੋਰ ਵੱਡੀ ਕਾਰਵਾਈ ਕੀਤੀ ਹੈ। ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ ਹਨ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਕੈਨੇਡਾ ਵਿੱਚ ਵੀਜ਼ਾ ਕੇਂਦਰ ਚਲਾਉਣ ਵਾਲੇ ਬੀਐਲਐਸ ਇੰਟਰਨੈਸ਼ਨਲ ਨੇ ਆਪਣੀ ਵੈੱਬਸਾਈਟ ’ਤੇ ਇਹ ਜਾਣਕਾਰੀ ਦਿੱਤੀ ਹੈ।
ਬੀਐੱਲਐੱਸ ਇੰਟਰਨੈਸ਼ਨਲ ਨੇ ਆਪਣੀ ਵੈੱਬਸਾਈਟ ‘ਤੇ ਜਾਰੀ ਨੋਟਿਸ ‘ਚ ਲਿਖਿਆ ਹੈ ਕਿ ‘ਭਾਰਤੀ ਮਿਸ਼ਨ ਵੱਲੋਂ ਮਹੱਤਵਪੂਰਨ ਸੂਚਨਾ : ਆਪਰੇਸ਼ਨਲ ਕਾਰਨਾਂ ਕਰਕੇ ਭਾਰਤ ਦੀਆਂ ਵੀਜ਼ਾ ਸੇਵਾਵਾਂ 21 ਸਤੰਬਰ ਤੋਂ ਅਗਲੇ ਨੋਟਿਸ ਤੱਕ ਬੰਦ ਰਹਿਣਗੀਆਂ।’ ਇਸ ਗੱਲ ਦੀ ਪੁਸ਼ਟੀ ਇਕ ਸੀਨੀਅਰ ਭਾਰਤੀ ਡਿਪਲੋਮੈਟ ਨੇ ਵੀ ਕੀਤੀ ਹੈ।ਹਾਲਾਂਕਿ ਉਨ੍ਹਾਂ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਨੋਟਿਸ ‘ਚ ਸਭ ਕੁਝ ਸਾਫ਼-ਸਾਫ਼ ਦੱਸਿਆ ਗਿਆ ਹੈ।ਕੋਰੋਨਾ ਦੌਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਨੇ ਕਿਸੇ ਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬੰਦ ਕੀਤੀਆਂ ਹਨ।
ਸਰਕਾਰ ਦੇ ਇਸ ਫੈਸਲੇ ਨਾਲ ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਕਰੀਬ 16 ਲੱਖ ਲੋਕ ਵੀ ਪ੍ਰਭਾਵਿਤ ਹੋਣਗੇ ਜੋ ਭਾਰਤ ਨਹੀਂ ਆ ਸਕਣਗੇ।