ਸਿਹਤ ਗੁਰਦਾਸਪੁਰ

ਸਿਹਤ ਵਿਭਾਗ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ

ਸਿਹਤ ਵਿਭਾਗ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ
  • PublishedSeptember 21, 2023

ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਅਲਟਰਾਸਾਊਂਡ ਸਕੈਨਿੰਗ ਸੈਂਟਰਾਂ ’ਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ

ਗੁਰਦਾਸਪੁਰ, 21 ਸਤੰਬਰ 2023 (ਦੀ ਪੰਜਾਬ ਵਾਇਰ )। ਡਾ. ਹਿਮਾਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ, ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਵੱਲੋਂ ਸਿਹਤ ਅਧਿਕਾਰੀਆਂ ਨਾਲ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਪੀ.ਸੀ. ਐਂਡ ਪੀ.ਐਨ.ਡੀ.ਟੀ. ਐੱਕਟ ਬਾਰੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਹਿਰ ਬਟਾਲਾ, ਕਾਦੀਆਂ ਅਤੇ ਫਤਿਹਗੜ੍ਹ ਚੂੜੀਆਂ ਦੇ ਸਮੂਹ ਰੇਡਿਓਲੋਜਿਸਟ ਅਤੇ ਸੋਨੋਲੋਜਿਸਟ ਹਾਜ਼ਰ ਹੋਏ।

ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਹੈ, ਜਿਸ ਤਹਿਤ ਜਿਥੇ ਲੋਕਾਂ ਨੂੰ ਜਾਗਰੂਕ ਕੀਥਾ ਜਾ ਰਿਹਾ ਹੈ ਓਥੇ ਨਾਲ ਹੀ ਅਲਟਰਾਸਾਊਂਡ ਸਕੈਨਿੰਗ ਸੈਂਟਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਸਿਵਲ ਸਰਜਨ ਨੇ ਕਿਹਾ ਕਿ ਪ੍ਰੀ-ਕਨਸੈਪਸ਼ਨ ਅਤੇ ਪ੍ਰੀ ਨੇਟਲ ਡਾਇਗਨੋਸਟਿਕ ਤਕਨੀਕ ਐਕਟ ਦੇ ਅਧੀਨ ਸਰਕਾਰ ਵੱਲੋਂ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਸਖ਼ਤ ਰੋਕ ਲਗਾਈ ਗਈ ਹੈ। ਜੇਕਰ ਕੋਈ ਗੈਰ ਕਾਨੂੰਨੀ ਤੌਰ ’ਤੇ ਅਲਟਰਾ ਸਾਊਂਡ ਕਰਦਾ ਜਾਂ ਕਰਵਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਸੈਂਟਰ ਦੇ ਡਾਕਟਰ ਸਮੇਤ ਲੈਬ ਕਰਮਚਾਰੀ ਅਤੇ ਕਰਵਾਉਣ ਵਾਲੇ ਜੋੜੇ ਨੂੰ ਤਿੰਨ ਤੋਂ ਪੰਜ ਸਾਲ ਦੀ ਸਜ਼ਾ ਦੇ ਨਾਲ 10 ਹਜ਼ਾਰ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਸਮੂਹ ਰੇਡਿਓਲੋਜਿਸਟ ਅਤੇ ਸੋਨੋਲੋਜਿਸਟ ਨੂੰ ਹਦਾਇਤ ਕੀਤੀ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਅਗਰ ਕੋਈ ਇਸ ਤਰਾਂ ਦੇ ਕੇਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦੇਵੇਗਾ ਤਾਂ ਉਸਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ, ਪਤਾ ਗੁਪਤ ਰੱਖਿਆ ਜਾਵੇਗਾ। ਸਿਹਤ ਵਿਭਾਗ ਗੁਰਦਾਸਪੁਰ ਵੱਲੋਂ ਸਾਰੇ ਅਲਟਰਾ ਸਾਊਂਡ ਸਕੈਨ ਸੈਂਟਰਾਂ ਵਿੱਚ ਆਈ.ਈ.ਸੀ.ਮੀਟਿਰੀਅਲ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਗੁਰਦਾਸਪੁਰ ਡਾ. ਤੇਜਿੰਦਰ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਬਾਲ ਭਵਨ ਗੁਰਦਾਸਪੁਰ ਅਤੇ ਸਿਵਲ ਹਸਪਤਾਲ ਬਟਾਲਾ ਦੇ ਬਾਹਰ ਪੰਘੂੜੇ ਸਥਾਪਤ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਲੋਕ ਬੱਚਿਆਂ ਨੂੰ ਅਪਣਾਉਣਾ ਨਹੀ ਚਾਹੁੰਦੇ, ਉਹ ਬੱਚੇ ਨੂੰ ਮਾਰਨ ਅਤੇ ਏਧਰ-ਓਧਰ ਨਾ ਸੁੱਟ ਕੇ ਪੰਘੂੜੇ ਵਿੱਚ ਹੀ ਪਾਉਣ। ਉਹਨਾਂ ਦੀ ਕੋਈ ਵੀ ਪੁਛ ਪੜਤਾਲ ਅਤੇ ਕਾਨੂੰਨੀ ਕਾਰਵਾਈ ਨਹੀ ਕੀਤੀ ਜਾਵੇਗੀ ਇਸ ਨੂੰ ਗੁਪਤ ਰੱਖਿਆ ਜਾਵੇਗਾ। ਬੱਚੇ ਦੀ ਸੁਰੱਖਿਆ ਅਤੇ ਸੰਭਾਲ ਦੀ ਜੁੰਮਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ’ਤੇ ਪੀ.ਐਨ.ਡੀ.ਟੀ. ਕੋਆਰਡੀਨੇਟਰ ਸ੍ਰੀ ਹਰਦੇਵ ਸਿੰਘ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਗੁਰਿੰਦਰ ਕੌਰ ਆਦਿ ਹਾਜ਼ਰ ਸਨ।

Written By
The Punjab Wire