Close

Recent Posts

ਮੁੱਖ ਖ਼ਬਰ

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਇਤਿਹਾਸਕ ਬਾਰਾਂਦਰੀ ਦੀਨਾਨਗਰ ਦਾ ਦੌਰਾ ਕੀਤਾ

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਇਤਿਹਾਸਕ ਬਾਰਾਂਦਰੀ ਦੀਨਾਨਗਰ ਦਾ ਦੌਰਾ ਕੀਤਾ
  • PublishedSeptember 20, 2023

ਪੰਜਾਬ ਸਰਕਾਰ ਵੱਲੋਂ 1.60 ਕਰੋੜ ਰੁਪਏ ਦੀ ਲਾਗਤ ਨਾਲ ਬਾਰਾਂਦਰੀ ਦੀ ਮੁਰੰਮਤ ਕਰਕੇ ਇਸਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾਵੇਗਾ – ਚੇਅਰਮੈਨ ਜਗਰੂਪ ਸਿੰਘ ਸੇਖਵਾਂ

ਦੀਨਾਨਗਰ/ਗੁਰਦਾਸਪੁਰ, 20 ਸਤੰਬਰ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਅਮੀਰ ਇਤਿਹਾਸ ਅਤੇ ਵਿਰਾਸਤ ਦੀ ਸੰਭਾਲ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਮਾਨ ਸਰਕਾਰ ਵੱਲੋਂ ਦੀਨਾਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਬਾਰਾਂਦਰੀ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾਵੇਗਾ।

ਇਹ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਅੱਜ ਦੀਨਾਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂਦਰੀ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਦੀਨਾਨਗਰ ਤੋਂ ਉੱਘੇ ਜਨਤਕ ਆਗੂ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਤੇ ਇਲਾਕੇ ਦੇ ਹੋਰ ਮੋਹਤਬਰ ਵੀ ਮੌਜੂਦ ਸਨ।

ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਪੰਜਾਬ ਦੀ ਇਹ ਅਮੀਰ ਵਿਰਾਸਤ ਖੰਡਰ ਦਾ ਰੂਪ ਧਾਰਨ ਕਰ ਗਈ ਸੀ, ਜਿਸਦੀ ਸੰਭਾਲ ਵੱਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ 1.60 ਕਰੋੜ ਰੁਪਏ ਦੀ ਲਾਗਤ ਨਾਲ ਇਸ ਬਾਰਾਂਦਰੀ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਇਸਦਾ ਟੈਂਡਰ ਵੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਾਰਾਂਦਰੀ ਦੀ ਮੁਰੰਮਤ ਵੀ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਾਰਾਂਦਰੀ ਦੇ ਆਲੇ-ਦੁਆਲੇ ਜ਼ਮੀਨ ਸਬੰਧੀ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਜਿਸਦੀ ਕਾਨੂੰਨੀ ਚਾਰਾਜੋਈ ਰਾਜ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।

ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਦੀਨਾਨਗਰ ਦੀ ਇਹ ਬਾਰਾਂਦਰੀ ਇਤਿਹਾਸ ਦੀਆਂ ਵੱਡੀਆਂ ਘਟਨਾਵਾਂ ਦੀ ਗਵਾਹ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਦੀਨਾਨਗਰ ਨੂੰ ਆਪਣੀ ਗਰਮੀਆਂ ਦੀ ਰਾਜਧਾਨੀ ਬਣਾਇਆ ਸੀ ਅਤੇ ਉਹ ਹਰ ਸਾਲ ਗਰਮੀਆਂ ਦੇ ਦੋ ਮਹੀਨੇ ਇਥੇ ਗੁਜ਼ਾਰਦੇ ਸਨ। ਉਨ੍ਹਾਂ ਦੱਸਿਆ ਕਿ ਸੰਨ 1838 ਵਿੱਚ ਏਥੇ ਹੀ ਅਫ਼ਾਗਨਿਸਤਾਨ ਦੀ ਤਖ਼ਤ ਨਸ਼ੀਨੀ ਦਾ ਫੈਸਲਾ ਕਰਨ ਲਈ ਤ੍ਰੈ-ਦੇਸੀ ਸੰਧੀ ਹੋਈ ਸੀ।  

ਚੇਅਰਮੈਨ ਸ. ਸੇਖਵਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਇਸ ਬਾਰਾਂਦਰੀ ਦੀ ਹਾਲਤ ਦਾ ਜਾਇਜਾ ਲਿਆ ਹੈ ਅਤੇ ਜਲਦੀ ਹੀ ਉਹ ਸੈਰ-ਸਪਾਟਾ ਵਿਭਾਗ ਦੇ ਮੰਤਰੀ ਮੈਡਮ ਅਨਮੋਲ ਗਗਨ ਮਾਨ ਅਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਨਾਲ ਇਸ ਪ੍ਰੋਜੈਕਟ ਸਬੰਧੀ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਬਾਰਾਂਦਰੀ ਦੀ ਸੰਭਾਲ ਕਰਕੇ ਇਸਨੂੰ ਟੂਰਿਜ਼ਮ ਮੈਪ ਉੱਪਰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਇਮਾਰਤ ਦੀ ਮੁੜ ਸੁਰਜੀਤੀ ਹੋਣ ਨਾਲ ਨੌਜਵਾਨ ਪੀੜ੍ਹੀ ਆਪਣੇ ਸ਼ਾਨਾਮੱਤੇ ਇਤਿਹਾਸ ਨਾਲ ਜੁੜ ਸਕੇਗੀ।      

Written By
The Punjab Wire