ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕੇਸ਼ੋਪੁਰ ਛੰਬ ਦਾ ਦੌਰਾ ਕੀਤਾ
ਚੇਅਰਮੈਨ ਸੇਖਵਾਂ ਨੇ ਪੰਛੀ ਅਤੇ ਕੁਦਰਤ ਪ੍ਰੇਮੀਆਂ ਨੂੰ ਕੇਸ਼ੋਪੁਰ ਛੰਬ ਆਉਣ ਦਾ ਦਿੱਤਾ ਸੱਦਾ
ਗੁਰਦਾਸਪੁਰ, 20 ਸਤੰਬਰ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਅੱਜ ਕੇਸ਼ੋਪੁਰ ਛੰਬ ਕਮਿਊਨਿਟੀ ਰਿਜ਼ਰਵ (ਰਾਮਸਰ ਸਾਈਟ) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਦੀਨਾਨਗਰ ਤੋਂ ਉੱਘੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਵੀ ਮੌਜੂਦ ਸਨ।
ਕੇਸ਼ੋਪੁਰ ਛੰਬ ਦਾ ਜਾਇਜਾ ਲੈਣ ਤੋਂ ਬਾਅਦ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਛੀਆਂ ਦੀ ਇਸ ਕੁਦਰਤੀ ਠਾਹਰ ਨੂੰ ਵਿਕਸਤ ਕੀਤਾ ਜਾਵੇਗਾ ਤਾਂ ਜੋ ਇਥੇ ਪਰਵਾਸੀ ਪੰਛੀਆਂ ਨੂੰ ਹੋਰ ਵੀ ਕੁਦਰਤੀ ਤੇ ਸੁਖਾਵਾਂ ਮਹੌਲ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਕੇਸ਼ੋਪੁਰ ਛੰਬ ਨੂੰ ਕੁਦਰਤ ਅਤੇ ਪੰਛੀ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਛੰਬ ਵਿੱਚ ਨਵੇਂ ਹੱਟ ਬਣਾਏ ਜਾਣਗੇ ਅਤੇ ਵਿਆਖਿਆ ਕੇਂਦਰ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਭ ਲਈ ਪੰਜਾਬ ਸਰਕਾਰ ਵੱਲੋਂ 40 ਲੱਖ ਰੁਪਏ ਦੀ ਰਾਸ਼ੀ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੂੰ ਭੇਜ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਸਾਈਟ ਦੇ ਵਿਕਾਸ ਦਾ ਕੰਮ ਸ਼ੁਰੂ ਹੋ ਜਾਵੇਗਾ।
ਚੇਅਰਮੈਨ ਸ. ਸੇਖਵਾਂ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਜਿਥੇ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਦੇ ਪੱਖ ਤੋਂ ਬਹੁਤ ਅਮੀਰ ਹੈ ਓਥੇ ਇਸ ਜ਼ਿਲ੍ਹੇ ਵਿੱਚ ਕੇਸ਼ੋਪੁਰ ਛੰਬ ਵਰਗੀਆਂ ਕੁਦਰਤੀ ਥਾਵਾਂ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਅਜਿਹੀਆਂ ਸਾਰੀਆਂ ਥਾਵਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼-ਦੁਨੀਆਂ ਦੇ ਸੈਲਾਨੀ ਕਾਦਰ ਦੀ ਕੁਦਰਤ ਨੂੰ ਨਿਹਾਰਨ ਲਈ ਏਥੇ ਆ ਸਕਣ।
ਚੇਅਰਮੈਨ ਸ. ਸੇਖਵਾਂ ਨੇ ਕਿਹਾ ਕਿ ਨਵੰਬਰ ਮਹੀਨੇ ਤੋਂ ਕੇਸ਼ੋਪੁਰ ਛੰਬ ਵਿੱਚ ਪਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਅਤੇ ਸਾਰਾ ਸਿਆਲ ਇਹ ਪੰਛੀ ਏਥੇ ਹੀ ਰਹਿੰਦੇ ਹਨ। ਉਨ੍ਹਾਂ ਸਮੂਹ ਪੰਛੀ ਅਤੇ ਕੁਦਰਤ ਪ੍ਰੇਮੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੁਝ ਪਲ ਕੁਦਰਤ ਦੀ ਗੋਦ ਵਿੱਚ ਬਿਤਾਉਣ ਲਈ ਕੇਸ਼ੋਪੁਰ ਛੰਬ ਦਾ ਦੌਰਾ ਜਰੂਰ ਕਰਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਸਹੂਲਤ ਲਈ ਏਥੇ ਰਾਜ ਸਰਕਾਰ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।