ਪੰਜਾਬ ਮੁੱਖ ਖ਼ਬਰ

ਪੈਨਲਿਸਟਾਂ ਵੱਲੋਂ ਇਤਿਹਾਸਕ ਥਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਜ਼ੋਰ 

ਪੈਨਲਿਸਟਾਂ ਵੱਲੋਂ ਇਤਿਹਾਸਕ ਥਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਜ਼ੋਰ 
  • PublishedSeptember 11, 2023

ਆਉਣ ਵਾਲੀਆਂ ਨਸਲਾਂ ਲਈ ਵਿਰਾਸਤੀ ਸਮਾਰਕਾਂ ਦੀ ਸੰਭਾਲ ’ਤੇ ਵੀ ਦਿੱਤਾ ਜ਼ੋਰ 

ਐੱਸ.ਏ.ਐੱਸ. ਨਗਰ, 11 ਸਤੰਬਰ 2023 (ਦੀ ਪੰਜਾਬ ਵਾਇਰ)। ਇੱਥੇ ਐਮਿਟੀ ਯੂਨੀਵਰਸਿਟੀ ਵਿਖੇ ਕਰਵਾਏ ਆਪਣੀ ਕਿਸਮ ਦੇ ਪਲੇਠੇ ‘ਟੂਰਿਸਟ ਸਮਿਟ ਅਤੇ ਟਰੈਵਲ ਮਾਰਟ’ ਦੇ ਪਹਿਲੇ ਦਿਨ ਸੰਭਾਲ ਅਤੇ ਵਿਰਾਸਤੀ ਖੇਤਰਾਂ ਦੇ ਪੈਨਲਿਸਟਾਂ ਨੇ ਪੰਜਾਬ ਵਿੱਚ ਵਿਰਾਸਤੀ ਸੈਰ-ਸਪਾਟੇ ਬਾਰੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ। 

ਇਸ ਵਿਚਾਰ-ਚਰਚਾ ਦੀ ਸ਼ੁਰੂਆਤ ਕਰਦਿਆਂ ਬੁਨਿਆਦੀ ਢਾਂਚਾ ਵਿਕਾਸ ਅਤੇ ਆਰਥਿਕ ਸੁਧਾਰ ਕੌਂਸਲ (ਸੀ.ਆਈ.ਡੀ.ਆਰ.) ਦੇ ਚੇਅਰਮੈਨ ਡਾ. ਅਨਿਰੁਧ ਗੁਪਤਾ ਨੇ ਕਿਹਾ ਕਿ ਪੰਜਾਬ ਨੇ ਵਿਰਾਸਤ ਅਤੇ ਸੱਭਿਆਚਾਰ ਦੇ ਲਿਹਾਜ਼ ਤੋਂ ਬਹੁਤ ਪੇਸ਼ਕਸ਼ਾਂ ਕੀਤੀਆਂ ਹਨ, ਪਰ ਪਿਛਲੇ 7 ਦਹਾਕਿਆਂ ਦੌਰਾਨ ਇਸ ਸਮਰੱਥਾ ਦੀ ਸੁਚੱਜੀ ਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਦਯੋਗੀਕਰਨ ਅਤੇ ਸੈਰ-ਸਪਾਟੇ ਸਾਡਾ ਮੁੱਖ ਤੇ  ਕੇਂਦਰਿਤ ਖੇਤਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਹੀ ਅਜਿਹਾ ਖੇਤਰ ਹੈ ਜੋ ਡਾਰਾਂ ਬੰਨ੍ਹਕੇ ਵਿਦੇਸ਼ ਜਾ ਰਹੇ ਨੌਜਵਾਨਾਂ ਦੇ ਇਸ ਗੰਭੀਰ ਰੁਝਾਨ ਨੂੰ ਠੱਲ੍ਹ ਪਾ ਸਕਦਾ ਹੈ। ਸੂਬਾ ਸਰਕਾਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ‘ਹਰੀਕੇ’ ਨੂੰ ਸੈਰ-ਸਪਾਟਾ ਸਥਾਨ ਵਜੋਂ ਵਰਤਿਆ ਜਾਣਾ ਚਾਹੀਦਾ ਹੈ ਕਿਉਂਕਿ ਇਥੇ ਅਰਬਾਂ ਡਾਲਰ ਕਮਾਉਣ ਦੀ ਸਮਰੱਥਾ  ਹੈ।

‘ਅੰਮ੍ਰਿਤਸਰ ਹੈਰੀਟੇਜ ਵਾਕਸ’ ਦੇ ਸੰਸਥਾਪਕ ਗੁਰਿੰਦਰ ਸਿੰਘ ਜੌਹਲ ਨੇ ਸਾਡੇ ਗੌਰਵਮਈ ਇਤਿਹਾਸ ਬਾਰੇ ਜਾਗਰੂਕਤਾ ਦੀ ਘਾਟ ਨੂੰ ਮੁੱਖ ਸਮੱਸਿਆ ਦੱਸਿਆ। ਸ੍ਰੀ ਹਰਿਮੰਦਰ ਸਾਹਿਬ ਵਿੱਚ ਬਚੇ ਵਾਹਦ ਰਾਮਗੜ੍ਹੀਆ ਬੁੰਗੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਪੂਰਥਲਾ ਵਿੱਚ ਸੈਨਿਕ ਸਕੂਲ, ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਰੋਜ਼ਾ ਸ਼ਰੀਫ਼ ਦਾ ਵੀ ਜ਼ਿਕਰ ਕੀਤਾ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸਮਾਰਕ ਅਤੇ ਮਹਿਲ ਰਾਜ ਦੀ ਮਹਾਨ ਵਿਰਾਸਤ ਹੁੰਦੇ ਹਨ ਅਤੇ ਸਾਨੂੰ ਵੀ  ‘ਲਾਹੌਰ ਸਿਟੀ ਵਾਲਡ ਅਥਾਰਟੀ ’ ਵਾਂਗ ਵਿਰਾਸਤੀ ਸਮਾਰਕਾਂ ਦੀ ਸੰਭਾਲ ਬਾਰੇ ਵਧੀਆ ਤਰੀਕੇ ਸਿੱਖਣੇ ਚਾਹੀਦੇ ਹਨ। ਉਨ੍ਹਾਂ ਨੇ ਧਾਰਮਿਕ ਸੈਰ-ਸਪਾਟੇ ਤੋਂ ਬਾਅਦ ਵਿਰਾਸਤੀ ਸੈਰ-ਸਪਾਟੇ ਨੂੰ ਸਭ ਤੋਂ ਮਹੱਤਵਪੂਰਨ ਖੇਤਰ ਦੱਸਿਆ।

ਕੰਜ਼ਰਵੇਸ਼ਨ ਆਰਕੀਟੈਕਟ ਗੁਰਮੀਤ ਸੰਘਾ ਰਾਏ ਨੇ ਜ਼ੋਰ ਦੇ ਕੇ ਕਿਹਾ ਕਿ ਵਿਰਾਸਤੀ ਸੰਭਾਲ ਨੂੰ ਸ਼ਹਿਰੀ ਲੈਂਡਸਕੇਪ ਦੇ ਹਿੱਸੇ ਵਜੋਂ ਲਿਆ ਜਾਣਾ ਚਾਹੀਦਾ ਹੈ। ਇਹ ਨਾ ਸਿਰਫ ਸ਼ਹਿਰ ਸਗੋਂ ਸੂਬੇ ਦੀ ਨੁਹਾਰ ਬਦਲਣ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ।

ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਦੇ ਪ੍ਰਧਾਨ, ਪੰਜਾਬ ਚੈਪਟਰ, ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ ਨੇ ਕਿਹਾ ਕਿ ਜੰਗ ਨਾਲ ਸਬੰਧਤ ਸਮੁੱਚੀ ਵਿਰਾਸਤ, ਦਸ ਗੁਰੂ ਸਾਹਿਬਾਨ ਨਾਲ ਸਬੰਧਤ ਵਿਰਾਸਤ, ਪੇਂਡੂ ਵਿਰਾਸਤ ਅਤੇ ਰਿਆਸਤਾਂ ਦੀਆਂ ਬੇਸ਼ਕੀਮਤੀ ਵਿਰਾਸਤਾਂ ਨੂੰ ਦਸਤਾਵੇਜ਼ੀ ਰੂਪ ਵਿੱਚ ਦਰਜ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਇਤਿਹਾਸ ਦੁਨੀਆਂ ਵਿੱਚ ਲਾਮਿਸਾਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੈਰ-ਸਪਾਟਾ ਦੇ ਹਰੇਕ ਸਰਕਟ ਵਿੱਚ ਸੈਲਾਨੀਆਂ ਨੂੰ 15-16 ਦੇ ਲਗਭਗ ਵਿਕਲਪ (ਚੋਣ) ਦੇਣ ਨਾਲ ਇਸ ਖੇਤਰ ਨੂੰ ਹੋਰ ਬਿਹਤਰ ਢੰਗ ਨਾਲ  ਹੁਲਾਰਾ ਮਿਲੇਗਾ। ਉਹਨਾਂ ਕਿਹਾ ਕਿ ਸੱਭਿਆਚਾਰਕ ਵਿਰਾਸਤ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ‘Çੲੰਟੈਕ’,  ਪੰਜਾਬ ਸਰਕਾਰ ਨਾਲ ਭਾਈਵਾਲੀ ਕਰਨ ਲਈ ਤਿਆਰ ਹੈ।

ਪੰਜਾਬ ਚੈਪਟਰ ਦੇ ਚੇਅਰਮੈਨ ਪੀ.ਐਚ.ਡੀ ਚੈਂਬਰ ਆਰ.ਐਸ. ਸਚਦੇਵਾ ਨੇ ਲੋਕਾਂ ਨੂੰ ਸੋਸ਼ਲ ਮੀਡੀਆ  ਦੀ ਵਰਤੋਂ ਕਰਕੇ ਪੰਜਾਬ ਦੇ ਅਮੀਰ ਇਤਿਹਾਸਕ ਵਿਰਸੇ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ ਲਈ ‘ਐਪ’ ਵਿਕਸਤ ਕਰਨ ਅਤੇ  ਹਵੇਲੀਆਂ ਅਤੇ ਵਿਰਾਸਤੀ ਜਾਇਦਾਦਾਂ ਦੀ ਸਾਂਭ ਸੰਭਾਲ ਲਈ ਪੀਪੀਪੀ ਮੋਡ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਪੂਰਥਲਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ, ਮਾਤਾ  ਗੁਜਰੀ ਜੀ ਦੇ ਘਰ ਨੂੰ ਸੁਰੱਖਿਅਤ ਰੱਖਣ ਅਤੇ ਸੰਭਾਲਣ ਲਈ ਵੀ ਮਜ਼ਬੂਤੀ ਪ੍ਰੋੜਤਾ ਕੀਤੀ ਕਿਉਂਕਿ  ਅਗਲੇ ਸਾਲ ਉਨ੍ਹਾਂ ਦੀ 400ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ।

 ਇੰਡੀਅਨ ਹੈਰੀਟੇਜ ਹੋਟਲਜ਼ ਐਸੋਸੀਏਸ਼ਨ (ਆਈਐਚਐਚਏ) ਦੇ ਮੀਤ ਪ੍ਰਧਾਨ ਵਿਜੇ ਲਾਲ ਨੇ ਵਿਰਾਸਤੀ ਜਾਇਦਾਦਾਂ ਨੂੰ ਮੁੜ ਸੁਰਜੀਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਤਾਂ ਜੋ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰ ਸਕਣ।

ਸੈਸ਼ਨ ਦਾ ਸੰਚਾਲਨ ਕੇ.ਪੀ.ਐਮ.ਜੀ. ਦੇ ਡਾਇਰੈਕਟਰ ਡਾ. ਸ਼ਿਰੀਸ਼ ਨੇ ਕੀਤਾ। 

Written By
The Punjab Wire