ਚੰਡੀਗੜ੍ਹ, 16 ਅਗਸਤ 2023 (ਦੀ ਪੰਜਾਬ ਵਾਇਰ)। ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਸਤਲੁਜ ਦਰਿਆ ‘ਤੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਭਾਖੜਾ ਡੈਮ ਅਤੇ ਬਿਆਸ ਦਰਿਆ ‘ਤੇ ਪੌਂਗ ਡੈਮ ਦੋਵੇਂ ਹੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹਨ । ਬੀਤੇ ਦਿਨ ਕਰੀਬ 35 ਸਾਲਾਂ ਬਾਅਦ ਭਾਖੜਾ ਦੇ ਫਲੱਡ ਗੇਟ 10 ਫੁੱਟ ਤੋਂ ਵੱਧ ਖੋਲ੍ਹੇ ਗਏ ਸਨ, ਜੋ ਦੇਰ ਰਾਤ ਬੰਦ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਜੋਂ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਪੋਂਗ ਡੈਮ ਤੋਂ ਡਿਸਚਾਰਜ ਵਿੱਚ 20 ਹਜ਼ਾਰ ਕਿਊਸਿਕ ਦੀ ਕਮੀ ਆਈ ਹੈ।
ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਗਏ ਹਨ। ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੁਸ਼ਿਆਰਪੁਰ ਦੇ ਚੱਕਮੀਰਪੁਰ ਨੇੜੇ ਧੁੱਸੀ ਬੰਨ੍ਹ ਟੁੱਟ ਗਿਆ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਿਆਸ ਦਰਿਆ ਅਤੇ ਰੂਪਨਗਰ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਦੇ ਕਈ ਇਲਾਕਿਆਂ ‘ਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ।
ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਐਕਸ਼ਨ ਮੋਡ ‘ਚ ਨੇ। ਮੁੱਖ ਮੰਤਰੀ ਮਾਨ ਨੇ ਸਾਰੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਨੇ।