ਗੁਰਦਾਸਪੁਰ, 6 ਮਾਰਚ 2026 (ਮੰਨਣ ਸੈਣੀ)। ਗੁਰਦਾਸਪੁਰ ਸ਼ਹਿਰ ਦੇ ਜੇਲ੍ਹ ਰੋਡ ਸਥਿਤ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ-5 ਵਿੱਚ ਵੀਰਵਾਰ ਨੂੰ ਹੋਈ ਕਰੋੜਾਂ ਰੁਪਏ ਦੀ ਡਕੈਤੀ ਦੇ ਮਾਮਲੇ ਵਿੱਚ ਪੁਲਿਸ ਨੂੰ ਇੱਕ ਅਹਿਮ ਸੁਰਾਗ ਮਿਲਿਆ ਹੈ। ਸੀਆਈਏ ਸਟਾਫ਼ ਦੀ ਟੀਮ ਨੇ ਸੁਨਿਆਰੇ ਦੀ ਲੁੱਟੀ ਗਈ ਕਾਰ ਨੂੰ ਹੁਸ਼ਿਆਰਪੁਰ-ਟਾਂਡਾ ਰੋਡ ਤੋਂ ਬਰਾਮਦ ਕਰ ਲਿਆ ਹੈ। ਹਾਲਾਂਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਭਾਲ ਲਈ ਪੁਲਿਸ ਦੀਆਂ ਕਈ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
ਜਾਣਕਾਰੀ ਅਨੁਸਾਰ, ਸਕੀਮ ਨੰਬਰ-5 ਦੇ ਵਾਸੀ ਸੁਨਿਆਰੇ ਵਰੁਣ ਮਹਾਜਨ ਦੇ ਘਰ ਵੀਰਵਾਰ ਸਵੇਰੇ ਕਰੀਬ ਸਵਾ ਅੱਠ ਵਜੇ ਪੰਜ ਲੁਟੇਰੇ ਨਿਹੰਗਾਂ ਦੇ ਭੇਸ ਵਿੱਚ ਪਹੁੰਚੇ ਸਨ। ਮੁਲਜ਼ਮਾਂ ਨੇ ਘਰ ਵਿੱਚ ਵੜਦਿਆਂ ਹੀ ਪਰਿਵਾਰ ਦੇ ਮੈਂਬਰਾਂ ਨੂੰ ਹਥਿਆਰਾਂ ਦੇ ਜ਼ੋਰ ‘ਤੇ ਬੰਧਕ ਬਣਾ ਲਿਆ। ਕਰੀਬ ਡੇਢ ਘੰਟੇ ਤੱਕ ਘਰ ਵਿੱਚ ਮੌਜੂਦ ਨਕਦੀ ਅਤੇ ਸੋਨੇ-ਚਾਂਦੀ ਦੀ ਤਲਾਸ਼ੀ ਲੈਣ ਤੋਂ ਬਾਅਦ ਮੁਲਜ਼ਮ ਕਰੋੜਾਂ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ।
ਲੁਟੇਰੇ ਜਾਂਦੇ ਸਮੇਂ ਪਰਿਵਾਰ ਦੇ ਮੋਬਾਈਲ ਫ਼ੋਨ ਅਤੇ ਘਰ ਦੇ ਬਾਹਰ ਖੜ੍ਹੀ ਕਾਰ ਵੀ ਨਾਲ ਲੈ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਉਤਾਰ ਕੇ ਆਪਣੇ ਨਾਲ ਲੈ ਲਏ, ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।
ਪੀੜਤ ਪਰਿਵਾਰ ਅਨੁਸਾਰ ਉਸ ਸਮੇਂ ਘਰ ਦਾ ਮੁੱਖ ਗੇਟ ਖੁੱਲ੍ਹਾ ਹੋਇਆ ਸੀ ਅਤੇ ਡਰਾਈਵਰ ਬਾਹਰ ਗੱਡੀਆਂ ਦੀ ਸਫ਼ਾਈ ਕਰ ਰਿਹਾ ਸੀ। ਇਸੇ ਦੌਰਾਨ ਉਹ ਮਾਲਕ ਨੂੰ ਬੁਲਾਉਣ ਲਈ ਅੰਦਰ ਆਇਆ ਤਾਂ ਮੁਲਜ਼ਮ ਵੀ ਉਸਦੇ ਪਿੱਛੇ-ਪਿੱਛੇ ਘਰ ਵਿੱਚ ਵੜ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਹੱਥ-ਪੈਰ ਅਤੇ ਮੂੰਹ ਬੰਨ੍ਹ ਦਿੱਤੇ ਅਤੇ ਹਥਿਆਰ ਦਿਖਾ ਕੇ ਤਿਜੋਰੀਆਂ ਦੀਆਂ ਚਾਬੀਆਂ ਮੰਗੀਆਂ। ਪਰਿਵਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਨੀਲੇ ਰੰਗ ਦੇ ਕੱਪੜੇ ਅਤੇ ਪੀਲੇ ਰੰਗ ਦੀਆਂ ਪੱਗਾਂ ਪਾਈਆਂ ਹੋਈਆਂ ਸਨ। ਉਨ੍ਹਾਂ ਨੇ ਪਰਿਵਾਰ ਨੂੰ ਧਮਕਾਉਂਦਿਆਂ ਕਿਹਾ ਕਿ ਜੇ ਰੌਲਾ ਪਾਇਆ ਤਾਂ ਬੱਚਿਆਂ ਨੂੰ ਨੁਕਸਾਨ ਪਹੁੰਚਾ ਦੇਣਗੇ। ਇਸ ਤੋਂ ਬਾਅਦ ਲੁਟੇਰਿਆਂ ਨੇ ਘਰ ਦੇ ਤਿੰਨ ਕਮਰਿਆਂ ਦੀ ਤਲਾਸ਼ੀ ਲਈ ਅਤੇ ਤਿਜੋਰੀਆਂ ਵਿੱਚ ਰੱਖੇ ਗਹਿਣੇ ਅਤੇ ਨਕਦੀ ਆਪਣੇ ਨਾਲ ਲੈ ਗਏ।
ਵਾਰਦਾਤ ਤੋਂ ਬਾਅਦ ਮੁਲਜ਼ਮ ਸਵੇਰੇ ਕਰੀਬ ਸਾਢੇ ਨੌਂ ਵਜੇ ਕਾਰ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਪੀੜਤ ਨੇਹਾ ਮਹਾਜਨ ਦਾ ਇੱਕ ਹੱਥ ਖੁੱਲ੍ਹ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਬੰਧਨ ਤੋਂ ਮੁਕਤ ਕਰਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਅਨੁਸਾਰ ਜਾਂਚ ਦੌਰਾਨ ਸੀਆਈਏ ਸਟਾਫ਼ ਨੇ ਸੁਨਿਆਰੇ ਦੀ ਕਾਰ ਨੂੰ ਹੁਸ਼ਿਆਰਪੁਰ-ਟਾਂਡਾ ਰੋਡ ਦੇ ਨੇੜੇ ਇੱਕ ਕੱਚੇ ਰਾਹ ਤੋਂ ਬਰਾਮਦ ਕੀਤਾ ਹੈ। ਸ਼ੱਕ ਹੈ ਕਿ ਲੁਟੇਰੇ ਕਾਰ ਛੱਡ ਕੇ ਕਿਸੇ ਹੋਰ ਵਾਹਨ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ। ਐਸਐਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਸੀਸੀਟੀਵੀ ਫੁਟੇਜਾਂ ਵੀ ਖੰਗਾਲੀਆਂ ਜਾ ਰਹੀਆਂ ਹਨ।
ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫ਼ਿਲਹਾਲ ਪੁਲਿਸ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਦੀ ਡੂੰਘੀ ਜਾਂਚ ਕਰ ਰਹੀ ਹੈ।