ਪੰਜਾਬ

ਹੁਸ਼ਿਆਰਪੁਰ: ਵਿਜੀਲੈਂਸ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਸੀਨੀਅਰ ਕਾਂਸਟੇਬਲ ਅਤੇ ਹੋਮਗਾਰਡ ਗ੍ਰਿਫ਼ਤਾਰ

ਹੁਸ਼ਿਆਰਪੁਰ: ਵਿਜੀਲੈਂਸ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਸੀਨੀਅਰ ਕਾਂਸਟੇਬਲ ਅਤੇ ਹੋਮਗਾਰਡ ਗ੍ਰਿਫ਼ਤਾਰ
  • PublishedJuly 21, 2023

ਪੁਲਿਸ ਮੁਲਾਜ਼ਮਾਂ ਨੇ ਬੱਸ ਕੰਡਕਟਰ ਤੋਂ ਮੰਗੀ ਸੀ 2.50 ਲੱਖ ਰੁਪਏ ਰਿਸ਼ਵਤ

ਚੰਡੀਗੜ੍ਹ, 21 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਅੱਜ ਹੁਸ਼ਿਆਰਪੁਰ ਤੋਂ ਸੀਨੀਅਰ ਕਾਂਸਟੇਬਲ ਕਿੰਦਰ ਸਿੰਘ, ਹੋਮ ਗਾਰਡ ਜੁਝਾਰ ਅਤੇ ਇੱਕ ਪ੍ਰਾਈਵੇਟ ਵਿਅਕਤੀ ਰੋਹਿਤ ਹਾਂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਪੰਜਾਬ ਰੋਡਵੇਜ਼ ਡਿੱਪੂ ਹੁਸ਼ਿਆਰਪੁਰ ਵਿਖੇ ਤਾਇਨਾਤ ਕੰਡਕਟਰ ਗੁਰਮੇਲ ਸਿੰਘ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਬੱਸ ਕੰਡਕਟਰ ਨੇ ਵਿਜੀਲੈਂਸ ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਕਬਜ਼ੇ ਵਿਚੋਂ ਮਾਮੂਲੀ ਮਾਤਰਾ ਵਿਚ ਅਫੀਮ ਬਰਾਮਦ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਇਹ ਕਹਿ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਹ 2.5 ਲੱਖ ਰੁਪਏ ਰਿਸ਼ਵਤ ਨਹੀਂ ਦੇਵੇਗਾ ਤਾਂ ਉਹ ਉਸ ਨੂੰ ਨਸ਼ਾ ਬਰਾਮਦਗੀ ਦੇ ਵੱਡੇ ਕੇਸ ਵਿੱਚ ਫਸਾ ਦੇਣਗੇ।

ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵੀ.ਬੀ. ਫਲਾਇੰਗ ਸਕੁਐਡ-1, ਪੰਜਾਬ ਦੀ ਟੀਮ ਨੇ ਟਰੈਪ ਲਗਾ ਕੇ ਰੋਹਿਤ ਹਾਂਸ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਮੌਕੇ ਤੋਂ ਕਾਬੂ ਕਰ ਲਿਆ। ਇਸ ਬਾਅਦ ਵਿਜੀਲੈਂਸ ਬਿਊਰੋ ਨੇ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਤੋਂ ਸੀਨੀਅਰ ਕਾਂਸਟੇਬਲ ਕਿੰਦਰ ਸਿੰਘ ਅਤੇ ਹੋਮਗਾਰਡ ਜੁਝਾਰ ਨੂੰ ਵੀ ਗ੍ਰਿਫਤਾਰ ਕਰ ਲਿਆ। ਵੀ.ਬੀ. ਦੀਆਂ ਟੀਮਾਂ ਫਰਾਰ ਕਾਂਸਟੇਬਲ ਅਮਿਤ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਵੀ.ਬੀ ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਵਿਖੇ ਮੁਲਜ਼ਮਾਂ ਖਿਲਾਫ਼ ਐਫ.ਆਈ.ਆਰ. ਨੰ. 25/2023 ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Written By
The Punjab Wire