Close

Recent Posts

ਪੰਜਾਬ ਮੁੱਖ ਖ਼ਬਰ

ਹੜ੍ਹਾਂ ਦੇ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾਣ ਪੁਖ਼ਤਾ ਪ੍ਰਬੰਧ – ਡਿਪਟੀ ਕਮਿਸ਼ਨਰ

ਹੜ੍ਹਾਂ ਦੇ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾਣ ਪੁਖ਼ਤਾ ਪ੍ਰਬੰਧ – ਡਿਪਟੀ ਕਮਿਸ਼ਨਰ
  • PublishedJuly 18, 2023

ਬਰਸਾਤੀ ਸੀਜ਼ਨ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਚਲਾਈ ਜਾਵੇ ਵਿਸ਼ੇਸ਼ ਮੁਹਿੰਮ

ਗੁਰਦਾਸਪੁਰ, 18  ਜੁਲਾਈ 2023 ( ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬਰਸਾਤੀ ਸੀਜ਼ਨ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਅਤੇ ਹੜ੍ਹਾਂ ਦੇ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਪੂਰੀ ਤਿਆਰੀ ਰੱਖੀ ਜਾਵੇ ਤਾਂ ਜੋ ਲੋੜ ਪੈਣ ’ਤੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹੇ ਦੇ ਦਰਿਆਵਾਂ ਨਜ਼ਦੀਕ ਪਿੰਡਾਂ ਜਾਂ ਨੀਵੇਂ ਇਲਾਕਿਆਂ ਵਿੱਚ ਜਿਥੇ ਪਾਣੀ ਆਉਣ ਦਾ ਖ਼ਤਰਾ ਹੈ ਓਥੇ ਦੇ ਵਸਨੀਕਾਂ ਨੂੰ ਜੀਵਨ ਰੱਖਿਅਕ ਤਕਨੀਕਾਂ ਅਤੇ ਫਸਟ ਏਡ ਦੀ ਸਿਖਲਾਈ ਦਿੱਤੀ ਜਾਵੇ। ਇਸਦੇ ਨਾਲ ਹੀ ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਦੀ ਵਿਸ਼ੇਸ਼ ਤੌਰ ’ਤੇ ਸੈਂਪਲਿੰਗ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਨੀਵੇਂ ਇਲਾਕਿਆਂ ਵਿੱਚ ਬਰਸਾਤੀ ਪਾਣੀ ਖੜ੍ਹਾ ਹੈ ਉਸਨੂੰ ਸਾਫ਼ ਕੀਤਾ ਜਾਵੇ ਤਾਂ ਜੋ ਓਥੇ ਡੇਂਗੂ ਅਤੇ ਮਲੇਰੀਏ ਦੇ ਮੱਛਰ ਪੈਦਾ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲ ਤੇ ਨਗਰ ਨਿਗਮ ਦੇ ਅਧਿਕਾਰੀ ਰੈਗੂਲਰ ਫਾਗਿੰਗ ਕਰਾਉਣ। ਇਸਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਜਾਵੇ ਅਤੇ ਨਾਲ ਹੀ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਬਾਰੇ ਜਾਗਰੂਕ ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਿਹਤ ਯੋਜਨਾਵਾਂ ਦਾ ਲਾਭ ਹਰ ਵਿਅਕਤੀ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਮੀਜ਼ਲ ਰੂਬੇਲਾ ਮੁਕਤੀ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਨੂੰ 100 ਫੀਸਦੀ ਸਫ਼ਲ ਬਣਾਉਣ ਵਿੱਚ ਹੋਰ ਮਿਹਨਤ ਕੀਤੀ ਜਾਵੇ ਅਤੇ ਮਾਈਗ੍ਰੇਟਰੀ ਆਬਾਦੀ ਦੇ ਟੀਕਾਰਰਨ ਲਈ ਦੂਜੇ ਵਿਭਾਗਾਂ ਦਾ ਵੀ ਸਹਿਯੋਗ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਤੋਂ ਸ਼ੁਰੂ ਹੋ ਰਹੇ ਮਿਸ਼ਨ ਇੰਦਰਧਨੁਸ਼ ਲਈ ਹੁਣ ਤੋਂ ਹੀ ਪੂਰੀ ਅਬਾਦੀ ਦਾ ਸਰਵੇਖਣ ਕਰਕੇ ਬੱਚਿਆਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਇੱਕ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲਿੰਗ ਅਨੁਪਾਤ ਨੂੰ ਠੀਕ ਕਰਨ ਲਈ ਹੋਰ ਚੌਕਸੀ ਤੇ ਸਖਤੀ ਵਰਤਣ। ਉਨ੍ਹਾਂ ਕਿਹਾ ਕਿ ਜਿਹੜੇ ਬਲਾਕਾਂ ਵਿੱਚ ਲਿੰਗ ਅਨੁਪਾਤ ਗੈਰ-ਕੁਦਰਤੀ ਰੂਪ ਵਿੱਚ ਬਹੁਤ ਫਰਕ ਵਾਲਾ ਆਇਆ ਹੈ ਉਨ੍ਹਾਂ ਇਲਾਕਿਆਂ ਦਾ ਵਿਸ਼ੇਸ਼ ਸਰਵੇ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਭਰੂਣ ਹੱਤਿਆ ਵਰਗੇ ਘਿਨਾਉਣੇ ਅਪਰਾਦ ਵਿੱਚ ਦੋਸ਼ੀ ਪਾਇਆ ਗਿਆ ਉਸਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਰੀਵਿਊ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲਾਭਪਾਤਰੀ ਵਿਅਕਤੀਆਂ ਨੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾ ਕੇ ਦੇਣ। ਉਨ੍ਹਾਂ ਕਿਹਾ ਕਿ ਸਿਹਤ ਬੀਮਾ ਯੋਜਨਾ ਤਹਿਤ ਇੱਕ ਪਰਿਵਾਰ ਨੂੰ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਉਪਲੱਬਧ ਹੈ। ਇਸ ਮੌਕੇ ਆਮ ਆਦਮੀ ਕਲੀਨਿਕ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵੀ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ, ਡੀ.ਆਈ.ਓ. ਡਾ. ਅਰਵਿੰਦ ਮਨਚੰਦਾ, ਡੀ.ਐੱਮ.ਸੀ. ਡਾ. ਰੋਮੀ ਰਾਜਾ, ਡਾ. ਪ੍ਭਜੋਤ ਕਲਸੀ, ਡੀ.ਡੀ.ਐੱਚ.ਓ. ਡਾ. ਲੋਕੇਸ਼, ਡੀ.ਟੀ.ਓ. ਡਾ. ਅਤਰੀ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਪ੍ਰਦੀਪ ਸਿੰਘ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਜੇਲ੍ਹ ਸੁਪਰਡੈਂਟ ਸ. ਨਵਇੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire