ਆਈ.ਐੱਮ.ਏ ਗੁਰਦਾਸਪੁਰ ਵੱਲੋਂ 125000 ਰੁਪਏ ਅਤੇ ਐੱਸ.ਐੱਸ. ਬਾਜਵਾ ਪਬਲਿਕ ਸਕੂਲ ਕਾਦੀਆਂ ਵੱਲੋਂ 50000 ਰੁਪਏ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ
ਦਾਨੀ ਸੱਜਣਾਂ ਨੇ ਮੰਤਰੀ ਰਾਹਤ ਫੰਡ ਲਈ ਦਾਨ ਦੇ ਚੈੱਕ ਚੇਅਰਮੈਨ ਰਮਨ ਬਹਿਲ ਨੂੰ ਸੌਂਪੇ
ਚੇਅਰਮੈਨ ਰਮਨ ਬਹਿਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ
ਗੁਰਦਾਸਪੁਰ, 18 ਜੁਲਾਈ 2023 (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀ ਪ੍ਰੇਰਨਾ ਸਦਕਾ ਆਈ.ਐੱਮ.ਏ. ਦੀ ਗੁਰਦਾਸਪੁਰ ਬ੍ਰਾਂਚ ਦੇ ਅਹੁਦੇਦਾਰ ਅਤੇ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਦੇ ਪ੍ਰਬੰਧਕ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਏ ਹਨ। ਆਈ.ਐੱਮ.ਏ. ਦੀ ਗੁਰਦਾਸਪੁਰ ਬ੍ਰਾਂਚ ਦੇ ਅਹੁਦੇਦਾਰ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ 125000 ਰੁਪਏ ਦਾ ਯੋਗਦਾਨ ਪਾਇਆ ਗਿਆ ਹੈ, ਜਦਕਿ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਦੇ ਪ੍ਰਬੰਧਕ ਸ੍ਰੀ ਮਨੋਹਰ ਲਾਲ ਸ਼ਰਮਾਂ ਨੇ ਇਸ ਰਾਹਤ ਫੰਡ ਵਿੱਚ 50000 ਰੁਪਏ ਦਾਨ ਕੀਤੇ ਗਏ ਹਨ। ਮੁੱਖ ਮੰਤਰੀ ਰਾਹਤ ਫੰਡ ਲਈ ਇਹ ਚੈੱਕ ਆਈ.ਐੱਮ.ਏ. ਦੀ ਗੁਰਦਾਸਪੁਰ ਬ੍ਰਾਂਚ ਦੇ ਅਹੁਦੇਦਾਰ ਡਾਕਟਰਾਂ ਅਤੇ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਦੇ ਪ੍ਰਬੰਧਕਾਂ ਵੱਲੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੂੰ ਅੱਜ ਗੁਰਦਾਸਪੁਰ ਵਿਖੇ ਸੌਂਪੇ ਗਏ।
ਇਸ ਮੌਕੇ ਆਈ.ਐੱਮ.ਏ. ਦੀ ਗੁਰਦਾਸਪੁਰ ਬ੍ਰਾਂਚ ਦੇ ਅਹੁਦੇਦਾਰ ਅਤੇ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਨ੍ਹਾਂ ਦਾਨੀ ਸੱਜਣਾਂ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਕਰਕੇ ਇਨਸਾਨੀਅਤ ਦਾ ਫਰਜ ਨਿਭਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਦਾਨ ਹੜ੍ਹ ਪੀੜ੍ਹਤਾਂ ਦੇ ਮੁੜ ਵਸੇਬੇ ਉਪਰ ਖਰਚਿਆ ਜਾਵੇਗਾ ਜਿਸ ਨਾਲ ਹੜ੍ਹਾਂ ਦੀ ਮਾਰ ਝੱਲ ਰਹੇ ਲੋਕ ਮੁੜ ਤੋਂ ਆਪਣੇ ਪੈਰੀਂ ਖੜ੍ਹੇ ਹੋ ਸਕਣਗੇ। ਸ੍ਰੀ ਬਹਿਲ ਨੇ ਕਿਹਾ ਕਿ ਹੋਰ ਲੋਕਾਂ ਨੂੰ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਹੜ੍ਹਾਂ ਦੀ ਕੁਦਰਤੀ ਕਰੋਪੀ ਨਾਲ ਨਜਿੱਠਣ ਲਈ ਮਾਨ ਸਰਕਾਰ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਆਪ ਖੁਦ ਮੌਕੇ ’ਤੇ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪੀੜ੍ਹਤਾਂ ਦਾ ਦੁੱਖ ਸਾਰੇ ਪੰਜਾਬੀਆਂ ਦਾ ਸਾਂਝਾ ਦੁੱਖ ਹੈ ਅਤੇ ਅਸੀਂ ਸਾਰੇ ਰਲ-ਮਿਲ ਕੇ ਉਨ੍ਹਾਂ ਦਾ ਇਹ ਦੁੱਖ ਤੇ ਘਾਟਾ ਵੰਡਾਵਾਂਗੇ।
ਇਸ ਮੌਕੇ ਆਈ.ਐੱਮ.ਏ. ਦੇ ਨੁਮਾਇੰਦੇ ਡਾਕਟਰ ਬੀ.ਐੱਸ. ਬਾਜਵਾ, ਡਾ. ਕਰਤਾਰ ਸਿੰਘ, ਡਾ. ਕੇ.ਐੱਸ. ਬੱਬਰ, ਡਾ. ਕਲੇਰ, ਡਾ. ਐੱਚ.ਐੱਸ ਢਿਲੋਂ, ਡਾ. ਬੇਦੀ, ਡਾ. ਲਖਨਪਾਲ, ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਡਾ. ਹੈਪੀ ਸ਼ਰਮਾਂ ਤੋਂ ਇਲਾਵਾ ਸ਼ਹਿਰ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।