ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਜੰਗੀ ਪੱਧਰ ਤੇ ਚਲਾਏ ਜਾ ਰਹੇ ਹਨ ਰਾਹਤ ਕਾਰਜ

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਜੰਗੀ ਪੱਧਰ ਤੇ ਚਲਾਏ ਜਾ ਰਹੇ ਹਨ ਰਾਹਤ ਕਾਰਜ
  • PublishedJuly 12, 2023

ਹੜ੍ਹ ਪੀੜਤਾਂ ਲਈ ਲਗਾਏ ਗਏ ਰਾਹਤ ਕੈਂਪ ਅਤੇ ਵੰਡੀ ਗਈ ਰਾਹਤ ਸਮੱਗਰੀ

ਰਾਹਤ ਕਾਰਜਾਂ ਲਈ ਵੱਖ ਵੱਖ ਜ਼ਿਲ੍ਹਿਆਂ ਨੂੰ ਦਿੱਤੀਆਂ ਗਈਆਂ ਕਿਸ਼ਤੀਆਂ

ਚੰਡੀਗੜ੍ਹ, 12 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਜੰਗੀ ਪੱਧਰ ਤੇ ਠੋਸ ਉਪਰਾਲੇ ਕੀਤੇ ਜਾ ਰਹੇ ਹਨ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਹੜ੍ਹਾਂ ਕਾਰਨ ਪੰਜਾਬ ਰਾਜ ਦੇ 14 ਜ਼ਿਲ੍ਹਿਆਂ ਦੇ 1058 ਪਿੰਡ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿਚ ਸਭ ਤੋਂ ਵੱਧ ਪਿੰਡ ਰੂਪਨਗਰ ਜ਼ਿਲ੍ਹੇ ਦੇ ਹਨ।

ਬੁਲਾਰੇ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ 364, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 268, ਪਟਿਆਲਾ ਦੇ 250, ਜਲੰਧਰ ਦੇ 71,ਮੋਗਾ ਦੇ 30, ਹੁਸ਼ਿਆਰਪੁਰ ਦੇ 25, ਲੁਧਿਆਣਾ ਦੇ 16, ਫਿਰੋਜ਼ਪੁਰ ਦੇ ਸੰਗਰੂਰ ਦੇ 3 ਅਤੇ ਤਰਨਤਾਰਨ ਦੇ 6 ਪਿੰਡ ਪ੍ਰਭਾਵਿਤ ਹੋਏ ਸਨ ਅਤੇ ਬੀਤੇ 24 ਘੰਟਿਆਂ ਦੌਰਾਨ ਹੜ੍ਹਾਂ ਕਾਰਨ ਸੂਬੇ ਵਿਚ 3 ਵਿਅਕਤੀ ਦੀ ਮੌਤ ਹੋਈ ਹੈ ।ਇਹ ਮੌਤਾਂ ਫਰੀਦਕੋਟ ਜ਼ਿਲ੍ਹੇ ਵਿੱਚ ਹੋਈਆਂ ਹਨ।

ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 49 ਘਰਾਂ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਜਦਕਿ ਜਦਕਿ 180 ਘਰਾਂ ਦੇ ਕੁਝ ਹਿੱਸਿਆਂ ਦਾ ਨੁਕਸਾਨ ਹੋਇਆ ਹੈ ।

ਬੁਲਾਰੇ ਨੇ ਦੱਸਿਆ ਕਿ ਗਊਸ਼ਾਲਾ ਬ੍ਰਾਹਮਣ ਮਾਜਰਾ, ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈਸਕਿਊ ਆਪਰੇਸ਼ਨ ਚਲਾ ਕੇ 800 ਗਊਆਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਗਾਂ ਦੀ ਮੌਤ ਹੋ ਗਈ ਅਤੇ 8 ਗਾਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ 3 ਮੱਝਾਂ, ਦੋ ਗਾਵਾਂ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 9 ਪਸ਼ੂਆਂ ਦੀ, ਸ਼ਹੀਦ ਭਗਤ ਸਿੰਘ ਨਗਰ ਵਿਚ 2 ਗਾਵਾਂ ਅਤੇ 6300 ਮੁਰਗੀਆਂ , ਤਰਨਤਾਰਨ ਵਿਚ 7 ਮੱਝਾਂ ਅਤੇ ਗਾਵਾਂ ਅਤੇ ਜਲੰਧਰ ਜ਼ਿਲ੍ਹੇ ਵਿਚ 3 ਪਸ਼ੂਆਂ ਦੀ ਦੀ ਮੌਤ ਹੋਣ ਸੂਚਨਾ ਹੈ।

ਇਸ ਤੋਂ ਇਲਾਵਾ ਸਰਹਿੰਦ ਸ਼ਹਿਰ ਵਿੱਚ ਹੜ੍ਹਾਂ ਕਾਰਨ ਸੂਰ ਦੇ 8 ਬੱਚਿਆਂ ਅਤੇ 7 ਸੂਰਾਂ ਅਤੇ ਹੁਸ਼ਿਆਰਪੁਰ ਵਿੱਚ ਇਕ ਬੱਕਰੀ ਦੇ ਦੇ ਮਰਨ ਦੀ ਵੀ ਸੂਚਨਾ ਹੈ।

ਪੰਜਾਬ ਰਾਜ ਜਿਸ ਤਹਿਤ ਪੰਜਾਬ ਦੇ ਰਾਹਤ ਤੇ ਮੁੜ ਵਸੇਬਾ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਹਤ ਕੈਂਪ ਲਗਾਉਣ ਤੋਂ ਇਲਾਵਾ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਹਤ ਤੇ ਮੁੜ ਵਸੇਬਾ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੱਖ ਵੱਖ ਸਥਾਨਾਂ ‘ਤੇ 127 ਰਾਹਤ ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿੱਚੋਂ ਪਟਿਆਲਾ ਵਿੱਚ 14 ਰੂਪਨਗਰ ‘ਚ 16, ਮੋਗਾ ‘ਚ 7, ਲੁਧਿਆਣਾ ‘ਚ 3, ਮੋਹਾਲੀ ‘ਚ 22, ਐਸਬੀਐਸ ਨਗਰ ‘ਚ 2, ਸੰਗਰੂਰ ‘ਚ 2, ਫਿਰੋਜ਼ਪੁਰ ‘ਚ 18, ਹੁਸ਼ਿਆਰਪੁਰ ‘ਚ 3, ਤਰਨ ਤਾਰਨ ‘ਚ 7 ਅਤੇ ਜਲੰਧਰ ‘ਚ 33 ਕੈਂਪ ਲਗਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ ਲੋਕਾਂ ਨੂੰ ਰਾਹਤ ਸਮੱਗਰੀ ਵੀ ਵੰਡੀ ਗਈ ਜਿਸ ਤਹਿਤ ਰੂਪਨਗਰ ਜ਼ਿਲ੍ਹੇ ਵਿਚ 16425 ਖਾਣੇ ਦੇ ਪੈਕੇਟ ਅਤੇ 1816 ਨੂੰ ਦਵਾਈਆਂ ਦੀ ਵੰਡ, ਪਟਿਆਲਾ ਵਿੱਚ 12500 ਖਾਣੇ ਦੇ ਪੈਕੇਟ, ਮੋਹਾਲੀ ਵਿੱਚ 2000 ਪੈਕੇਟ, ਐਸ.ਬੀ.ਐਸ. ਨਗਰ ਵਿੱਚ 1500 ਪੈਕੇਟ ਅਤੇ ਫਤਹਿਗੜ੍ਹ ਸਾਹਿਬ ਵਿੱਚ ਖਾਣੇ ਦੇ 1000 ਪੈਕੇਟ ਵੰਡਣ ਤੋਂ ਇਲਾਵਾ ਜਲੰਧਰ ਵਿੱਚ 100 ਰਾਹਤ ਕਿੱਟਾਂ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ 15185 ਹੋਰ ਫ਼ੂਡ ਪੈਕਟ ਵੀ ਵੰਡੇ ਗਏ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆਂ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬਚਾਓ ਕਾਰਜ ਚਲਾਉਣ ਲਈ ਲਈ ਕਿਸ਼ਤੀਆਂ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਪਟਿਆਲਾ ਜ਼ਿਲ੍ਹੇ ਨੂੰ 21 ਕਿਸ਼ਤੀਆਂ, ਰੂਪਨਗਰ ਨੂੰ 24, ਮੋਹਾਲੀ ਨੂੰ 5, ਫਤਹਿਗੜ੍ਹ ਸਾਹਿਬ ‘ਚ 4 ਅਤੇ ਫਿਰੋਜ਼ਪੁਰ ਨੂੰ 15 ਕਿਸ਼ਤੀਆਂ ਭੇਜੀਆਂ ਗਈਆਂ ਹਨ।

ਇਸ ਦੇ ਨਾਲ ਹੀ ਪਟਿਆਲਾ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ, ਐਸ.ਬੀ.ਐਸ. ਨਗਰ, ਫਤਿਹਗੜ੍ਹ ਸਾਹਿਬ, ਤਰਨ ਤਾਰਨ ਅਤੇ ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੁੱਲ 13574 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ।

ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਹੜ੍ਹਾਂ ਦੌਰਾਨ ਕੀਤੇ ਜਾ ਰਹੇ ਰਾਹਤ ਕਾਰਜਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਡਾਕਟਰਾਂ ਅਤੇ ਸਟਾਫ ਦੀਆਂ ਰੈਪਿਡ ਰਿਸਪਾਂਸ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਘਰ-ਘਰ ਜਾ ਕੇ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ ਅਤੇ ਲੋੜ ਪੈਣ ‘ਤੇ ਕਿਸ਼ਤੀਆਂ ਦੀ ਵਰਤੋਂ ਕਰਕੇ ਵੀ ਕਿਸਾਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 11 ਜ਼ਿਲ੍ਹਿਆਂ ਦੀ ਮੰਗ ‘ਤੇ ਦਵਾਈਆਂ ਦੀ ਖਰੀਦ ਲਈ ਪ੍ਰਤੀ ਜ਼ਿਲ੍ਹਾ 50,000 ਰੁਪਏ ਜਾਰੀ ਕੀਤੇ ਗਏ ਹਨ।

Written By
The Punjab Wire