ਪੰਜਾਬ ਮੁੱਖ ਖ਼ਬਰ

ਪੰਜਾਬ ਵੱਲੋਂ ਜੂਨ 2023 ਦੌਰਾਨ ਆਬਕਾਰੀ ਅਤੇ ਜੀ.ਐਸ.ਟੀ ਮਾਲੀਏ ਵਿੱਚ 79% ਤੇ 28% ਦਾ ਮਹੱਤਵਪੂਰਨ ਵਾਧਾ: ਹਰਪਾਲ ਸਿੰਘ ਚੀਮਾ

ਪੰਜਾਬ ਵੱਲੋਂ ਜੂਨ 2023 ਦੌਰਾਨ ਆਬਕਾਰੀ ਅਤੇ ਜੀ.ਐਸ.ਟੀ ਮਾਲੀਏ ਵਿੱਚ 79% ਤੇ 28% ਦਾ ਮਹੱਤਵਪੂਰਨ ਵਾਧਾ: ਹਰਪਾਲ ਸਿੰਘ ਚੀਮਾ
  • PublishedJuly 3, 2023

ਆਬਕਾਰੀ, ਜੀ.ਐਸ.ਟੀ, ਵੈਟ, ਸੀ.ਐਸ.ਟੀ ਅਤੇ ਪੀ.ਐਸ.ਡੀ.ਟੀ ਤੋਂ ਕੁੱਲ ਮਾਲੀਆ ਵਿੱਚ ਜੂਨ 2023 ਦੌਰਾਨ 29.66% ਦਾ ਵਾਧਾ

ਵਿੱਤੀ ਸਾਲ 2023 ਦੀ ਪਹਿਲੀ ਤਿਮਾਹੀ ਦੌਰਾਨ ਕੁੱਲ ਮਾਲੀਆ ਵਿੱਚ 25% ਦਾ ਵਾਧਾ ਦਰਜ

ਚੰਡੀਗੜ੍ਹ, 03 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਮਾਲੀਏ ਵਿੱਚ ਵਾਧਾ ਕਰਨ ਲਈ ਕੀਤੇ ਗਏ ਅਣਥੱਕ ਯਤਨਾਂ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ ਅਤੇ ਸੂਬੇ ਨੇ ਜੂਨ 2022 ਦੇ ਮੁਕਾਬਲੇ ਜੂਨ 2023 ਦੌਰਾਨ ਆਬਕਾਰੀ ਅਤੇ ਵਸਤਾਂ ਤੇ ਸੇਵਾ ਕਰ (ਜੀ.ਐਸ.ਟੀ.) ਦੇ ਮਾਲੀਏ ਵਿੱਚ ਕ੍ਰਮਵਾਰ 79 ਫੀਸਦੀ ਅਤੇ 27.87 ਫੀਸਦੀ ਦਾ ਚੋਖਾ ਵਾਧਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਇਸ ਸਾਲ ਜੂਨ ਦੇ ਮਹੀਨੇ ਦੌਰਾਨ ਆਬਕਾਰੀ, ਜੀ.ਐਸ.ਟੀ., ਵੈਟ, ਸੀ.ਐਸ.ਟੀ ਅਤੇ ਪੀ.ਐਸ.ਡੀ.ਟੀ ਤੋਂ ਮਾਲੀਆ ਇਕੱਠਾ ਕਰਨ ਵਿੱਚ 29.66 ਪ੍ਰਤੀਸ਼ਤ ਵਾਧਾ ਦਰਜ ਕਰਕੇ ਆਪਣਾ ਹੀ ਰਿਕਾਰਡ ਤੋੜਿਆ ਹੈ, ਅਤੇ ਵਿੱਤੀ ਸਾਲ 2022-23 ਦੀ ਇਸੇ ਮਿਆਦ ਦੇ ਮੁਕਾਬਲੇ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ ਦੌਰਾਨ 25 ਪ੍ਰਤੀਸ਼ਤ ਦਾ ਕੁੱਲ ਵਾਧਾ ਦਰਜ਼ ਕੀਤਾ ਹੈ।

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੂਨ 2023 ਦੌਰਾਨ ਆਬਕਾਰੀ ਤੋਂ ਕੁੱਲ ਮਾਲੀਆ 663.97 ਕਰੋੜ ਰੁਪਏ ਰਿਹਾ ਜਦੋਂਕਿ ਜੂਨ 2022 ਦੌਰਾਨ ਆਬਕਾਰੀ ਵਸੂਲੀ 370.93 ਕਰੋੜ ਰੁਪਏ ਸੀ, ਜਿਸ ਨਾਲ 293.04 ਕਰੋੜ ਰੁਪਏ ਦਾ ਮਹੱਤਵਪੂਰਨ ਵਾਧਾ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਜੀ.ਐਸ.ਟੀ ਮਾਲੀਆ ਵੀ ਜੂਨ 2022 ਵਿੱਚ ਇਕੱਤਰ ਹੋਏ 1214.24 ਕਰੋੜ ਰੁਪਏ ਦੇ ਮੁਕਾਬਲੇ ਜੂਨ 2023 ਵਿੱਚ 1552.66 ਕਰੋੜ ਦੇ ਜੀਐਸਟੀ ਮਾਲੀਏ ਨਾਲ ਇਸ ਸਾਲ ਜੂਨ ਮਹੀਨੇ ਵਿੱਚ 338. 42 ਕਰੋੜ ਰੁਪਏ ਦੇ ਵਾਧੇ ਨੂੰ ਦਰਸਾਉਂਦਾ ਹੈ।

ਪੰਜਾਬ ਦੇ ਵਿੱਤ ਮੰਤਰੀ ਨੇ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਜੂਨ 2023 ਦੌਰਾਨ ਆਬਕਾਰੀ, ਜੀਐਸਟੀ, ਵੈਟ, ਸੀਐਸਟੀ ਅਤੇ ਪੀਐਸਡੀਟੀ ਤੋਂ ਕੁੱਲ ਮਾਲੀਆ 2869.46 ਕਰੋੜ ਰੁਪਏ ਸੀ ਜਦੋਂਕਿ ਜੂਨ 2022 ਦੌਰਾਨ ਇਹ 2213.13 ਕਰੋੜ ਰੁਪਏ ਸੀ, ਇਸ ਤਰ੍ਹਾਂ ਇਸ ਸਾਲ ਜੂਨ ਮਹੀਨੇ ਵਿੱਚ 656.33 ਕਰੋੜ ਰੁਪਏ ਦਾ ਕੁੱਲ ਵਾਧਾ ਦਰਜ਼ ਕੀਤਾ ਗਿਆ।  ਉਨ੍ਹਾਂ ਕਿਹਾ ਕਿ ਵੈਲਿਊ ਐਡਿਡ ਟੈਕਸ (ਵੈਟ) ਤੋਂ ਹੋਣ ਵਾਲੀ ਆਮਦਨ ਵੀ ਜੂਨ 2022 ਵਿੱਚ 593.79 ਕਰੋੜ ਦੀ ਵੈਟ ਉਗਰਾਹੀ ਦੇ ਮੁਕਾਬਲੇ ਜੂਨ 2023 ਵਿੱਚ 616.94 ਕਰੋੜ ਰੁਪਏ ਦੀ ਵੈਟ ਉਗਰਾਹੀ ਦੇ ਨਾਲ 3.9 ਫੀਸਦੀ ਦਾ ਵਾਧਾ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੇਂਦਰੀ ਵਿਕਰੀ ਕਰ (ਸੀ.ਐਸ.ਟੀ) ਵਿੱਚ ਵੀ ਜੂਨ 2022 ਦੇ ਮੁਕਾਬਲੇ ਇਸ ਸਾਲ ਜੂਨ ਵਿੱਚ 8.04 ਪ੍ਰਤੀਸ਼ਤ ਵਾਧਾ ਦਰਜ ਹੋਇਆ ਹੈ।

ਪੰਜਾਬ ਵੱਲੋਂ ਵਿਕਾਸ ਦੀ ਲੀਹ ‘ਤੇ ਲਗਾਤਾਰ ਸਥਿਰਤਾ ਬਣਾਈ ਰੱਖਣ ‘ਤੇ ਖੁਸ਼ੀ ਜ਼ਾਹਰ ਕਰਦਿਆਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ ਸਿਰਫ ਇਸ ਸਾਲ ਜੂਨ ਮਹੀਨੇ ਦੌਰਾਨ ਹੀ ਵਧੀਆ ਵਿਕਾਸ ਦਰ ਨਹੀਂ ਵਿਖਾਈ ਸਗੋਂ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ ਦੌਰਾਨ ਆਬਕਾਰੀ, ਜੀ.ਐੱਸ.ਟੀ., ਵੈਟ, ਸੀ.ਐਸ.ਟੀ ਅਤੇ ਪੀ.ਐਸ.ਡੀ.ਟੀ ਤੋਂ ਕੁੱਲ ਮਾਲੀਏ ਵਿੱਚ ਵੀ 1848.66 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਲ 2022-23 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਇੰਨਾਂ ਕਰਾਂ ਤੋਂ ਕੁੱਲ ਮਾਲੀਆ 7395.33 ਕਰੋੜ ਰੁਪਏ ਰਿਹਾ ਸੀ ਜਦੋਂਕਿ ਇਸ ਵਿੱਤੀ ਵਰ੍ਹੇ ਦੌਰਾਨ ਇਹ 9243.99 ਕਰੋੜ ਰੁਪਏ ਦਰਜ ਹੋਇਆ । ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸੇ ਤਰ੍ਹਾਂ ਬੀਤੇ ਵਿੱਤੀ ਵਰ੍ਹੇ ਦੇ ਮੁਕਾਬਲੇ ਸਾਲ 2023-24 ਦੀ ਪਹਿਲੀ ਤਿਮਾਹੀ ਦੌਰਾਨ ਆਬਕਾਰੀ ਮਾਲੀਆ 55.65 ਪ੍ਰਤੀਸ਼ਤ ਦੇ ਵਾਧੇ ਅਤੇ ਜੀਐਸਟੀ ਤੋਂ 24.76 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ।

ਆਬਕਾਰੀ ਅਤੇ ਕਰ ਵਿਭਾਗ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਵਿਕਾਸ ਦਰ ਦੇ ਇਹ ਅੰਕੜੇ ਇਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਗਨ ਅਤੇ ਕੁਸ਼ਲਤਾ ਨੂੰ ਦਰਸਾਉਂਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਸ. ਚੀਮਾ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਇਮਾਨਦਾਰ ਕਰਦਾਤਾਵਾਂ ਨੂੰ ਹਰ ਸਹਾਇਤਾ ਪ੍ਰਦਾਨ ਕਰਦੇ ਹੋਏ ਕਰ ਚੋਰੀ ਕਰਨ ਵਾਲਿਆਂ ਦੇ ਦੁਆਲੇ ਸ਼ਿਕੰਜਾ ਕੱਸਣ ਲਈ ਇਨ੍ਹਾਂ ਵਿਭਾਗਾਂ ਨੂੰ ਨਵੀਨਤਮ ਤਕਨੀਕਾਂ ਅਤੇ ਉਪਕਰਣ ਪ੍ਰਦਾਨ ਕਰਨ ਲਈ ਵਚਨਬੱਧ ਹੈ।

Written By
The Punjab Wire