ਪੰਜਾਬ ਮੁੱਖ ਖ਼ਬਰ

ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ, ਟਰਾਂਸਪੋਰਟ ਮੰਤਰੀ ਵਲੋਂ ਸਖ਼ਤ ਕਾਰਵਾਈ ਦੇ ਆਦੇਸ਼

ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ, ਟਰਾਂਸਪੋਰਟ ਮੰਤਰੀ ਵਲੋਂ ਸਖ਼ਤ ਕਾਰਵਾਈ ਦੇ ਆਦੇਸ਼
  • PublishedJune 26, 2023

ਚੰਡੀਗੜ੍ਹ, 26 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਗਠਤ ਕੀਤੇ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਸਰਕਾਰੀ ਖ਼ਜ਼ਾਨੇ ਅਤੇ ਸਵਾਰੀਆਂ ਨੂੰ ਚੂਨਾ ਲਾਉਣ ਵਾਲੇ ਤਿੰਨ ਕੰਡਕਟਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਕੰਡਕਟਰ ਨੇ ਸਵਾਰੀਆਂ ਨੂੰ ਕਰੀਬ 1200 ਰੁਪਏ ਦਾ ਚੂਨਾ ਲਾਇਆ ਸੀ ਜਦਕਿ ਇੱਕ ਹੋਰ ਕੰਡਕਟਰ ਨੂੰ ਦੋ ਦਿਨਾਂ ਵਿੱਚ ਹੀ ਗ਼ਬਨ ਦੇ ਦੋ ਕੇਸਾਂ ਵਿੱਚ ਰਿਪੋਰਟ ਕੀਤਾ ਗਿਆ ਹੈ।

ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਫ਼ਲਾਇੰਗ ਸਕੁਐਡ ਵੱਲੋਂ ਖੰਨਾ ਵਿਖੇ ਚੈਕਿੰਗ ਦੌਰਾਨ ਤਰਨ ਤਾਰਨ ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 4728 ਦੀ ਚੈਕਿੰਗ ਕੀਤੀ ਗਈ ਤਾਂ ਕੰਡਕਟਰ ਜਸਕਰਨ ਸਿੰਘ ਨੂੰ ਸਵਾਰੀਆਂ ਤੋਂ 1170 ਰੁਪੲੈ ਲੈ ਕੇ ਟਿਕਟ ਨਾ ਦੇਣ ਦਾ ਦੋਸ਼ੀ ਪਾਇਆ ਗਿਆ। ਇਹ ਬੱਸ ਦਿੱਲੀ ਤੋਂ ਤਰਨ ਤਾਰਨ ਜਾ ਰਹੀ ਸੀ। ਇਸੇ ਤਰ੍ਹਾਂ ਹੇਡੋਂ ਵਿਖੇ ਲੁਧਿਆਣਾ ਡਿਪੂ ਦੀ ਬੱਸ ਨੰਬਰ ਪੀ.ਬੀ-10-ਐਚ.ਟੀ 2834 ਦੀ ਚੈਕਿੰਗ ਦੌਰਾਨ ਕੰਡਕਟਰ ਸੰਜੇ ਕੁਮਾਰ ਕੋਲੋਂ 615 ਰੁਪਏ ਬਰਾਮਦ ਹੋਏ ਹਨ, ਜੋ ਉਸ ਨੇ ਸਵਾਰੀਆਂ ਕੋਲੋਂ ਲਏ ਸਨ ਪਰ ਬਦਲੇ ਵਿੱਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਇਸ ਤੋਂ ਪਹਿਲੇ ਦਿਨ ਕੰਡਕਟਰ ਸੰਜੇ ਕੁਮਾਰ ਨੇ ਤਿੰਨ ਬੱਸਾਂ ਦੀ ਅੱਡਾ ਫ਼ੀਸ ਨਾ ਲੈ ਕੇ ਵਿਭਾਗ ਨੂੰ 283 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਸੀ ਜਿਸ ਕਾਰਨ ਉਸ ਨੂੰ ਬਦਲ ਕੇ ਬੱਸ ‘ਤੇ ਤੈਨਾਤ ਕੀਤਾ ਗਿਆ ਸੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਹੋਰਨਾਂ ਸੂਬਿਆਂ ਵਿੱਚ ਚੈਕਿੰਗ ਦੀ ਲੜੀ ਤਹਿਤ ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਹਿਮਾਚਲ ਪ੍ਰਦੇਸ਼ ਦੇ ਬਨੀਖੇਤ ਕਸਬੇ ਵਿਖੇ ਚੈਕਿੰਗ ਕੀਤੀ ਗਈ, ਜਿੱਥੋਂ ਅੰਮ੍ਰਿਤਸਰ-1 ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 0964 ਦੇ ਕੰਡਕਟਰ ਮਨਜੀਤ ਸਿੰਘ ਨੂੰ ਸਵਾਰੀਆਂ ਤੋਂ 490 ਰੁਪਏ ਲੈ ਕੇ ਟਿਕਟ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਣਅਧਿਕਾਰਤ ਰੂਟਾਂ ‘ਤੇ ਚਲਦੀਆਂ ਦੋ ਬੱਸਾਂ ਨੂੰ ਵੀ ਰਿਪੋਰਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਬਾਈਪਾਸ ‘ਤੇ ਚੈਕਿੰਗ ਦੌਰਾਨ ਜਲੰਧਰ-1 ਡਿਪੂ ਦੀ ਬੱਸ ਨੰਬਰ ਪੀ.ਬੀ-08-ਈ.ਐਕਸ 0976 ਅਤੇ ਸ਼ਹੀਦ ਭਗਤ ਸਿੰਘ ਨਗਰ ਡਿਪੂ ਦੀ ਬੱਸ ਨੰਬਰ ਪੀ.ਬੀ-07-ਬੀ.ਕਿਊ 5442 ਨੂੰ ਅਣਅਧਿਕਾਰਤ ਰੂਟ ‘ਤੇ ਚਲਦਾ ਪਾਇਆ ਗਿਆ। ਅਣਅਧਿਕਾਰਤ ਰੂਟ ‘ਤੇ ਚੱਲਣ ਕਰਕੇ ਦੋਵੇੇਂ ਬੱਸਾਂ ਕ੍ਰਮਵਾਰ ਮਹਿਜ਼ 9 ਅਤੇ 6 ਸਵਾਰੀਆਂ ਲੈ ਕੇ ਜਾ ਰਹੀਆਂ ਸਨ। ਟਰਾਂਸਪੋਰਟ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਹਨ।

Written By
The Punjab Wire