ਪੰਜਾਬ

ਜੁਗਨੀ ਭੰਗੜਾ ਅਕੈਡਮੀ ਨੇ ਮੁਫਤ ਭੰਗੜਾ ਵਰਕਸ਼ਾਪ ਲਗਾਈ

ਜੁਗਨੀ ਭੰਗੜਾ ਅਕੈਡਮੀ ਨੇ ਮੁਫਤ ਭੰਗੜਾ ਵਰਕਸ਼ਾਪ ਲਗਾਈ
  • PublishedJune 18, 2023

ਰਜਿੰਦਰ ਸਿੰਘ ਸੋਹਲ ਨੇ ਬੱਚਿਆ ਨੂੰ ਵਾਤਾਵਰਨ ਦੀ ਸੰਭਾਲ ਲਈ ਕੀਤਾ ਪ੍ਰੇਰਿਤ

ਖਰੜ, 18 ਜੂਨ 2023 (ਦੀ ਪੰਜਾਬ ਵਾਇਰ)। ਦੇਸ਼ ਵਿਦੇਸ਼ ਅੰਦਰ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੀ ਜੁਗਨੀ ਭੰਗੜਾ ਅਕੈਡਮੀ ਵੱਲੋ ਬੱਚਿਆਂ ਅਤੇ ਨੌਜਵਾਨਾਂ ਨੂੰ ਭੰਗੜੇ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਜਾਰੀ ਹਨ ਜਿਸਦੇ ਚਲਦੇ ਜੁਗਨੀ ਭੰਗੜਾ ਅਕੈਡਮੀ ਵੱਲੋਂ ਖਰੜ ਦੇ ਵੀ ਆਰ ਮਾਲ ਵਿੱਖੇ ਮੁਫਤ ਭੰਗੜਾ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਵਿੱਚ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ।

ਕੌਮਾਂਤਰੀ ਭੰਗੜਾ ਕੋਚ ਦਵਿੰਦਰ ਸਿੰਘ ਜੁਗਨੀ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਕੁਲਰਾਜ ਸਿੰਘ ਭੰਗੜਾ ਮਾਸਟਰ ਅਤੇ ਡਾਕਟਰ ਰਜਿੰਦਰ ਸਿੰਘ ਸੋਹਲ ਵੱਲੋ ਮੁੱਖ ਮਹਿਮਾਨ ਵਜੋਂ ਅਤੇ ਫੋਕ ਭੰਗੜਾ ਅਕੈਡਮੀ ਜਲੰਧਰ ਨੇ ਸ਼ਿਰਕਤ ਕੀਤੀ ਗਈ ਜਿਸ ਨੇ ਆਪਣੀ ਲਾਜਵਾਬ ਅਦਾਕਾਰੀ ਅਤੇ ਭੰਗੜੇ ਨਾਲ ਆਏ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ। ਜੁਗਨੀ ਭੰਗੜਾ ਅਕੈਡਮੀ ਵਿੱਚ ਭੰਗੜਾ ਸਿਖਾਉਂਦੇ ਦਵਿੰਦਰ ਸਿੰਘ ਜੁਗਨੀ ਭੰਗੜਾ ਕੋਚ ਅਤੇ ਅਸ਼ਮੀਤ ਸਿੰਘ ਦੀ ਅਗਵਾਈ ਵਰਕਸ਼ਾਪ ਵਿੱਚ ਆਏ ਹੋਏ ਬੱਚਿਆ,ਨੌਜਵਾਨਾਂ,ਅਤੇ ਵਡੇਰੀ ਉਮਰ ਵਰਗਾਂ ਦੇ ਵਿਅਕਤੀਆਂ ਨੇ ਇੱਕੋ ਸਟੇਜ ਉਤੇ ਭੰਗੜਾ ਪਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਅਸ਼ਮੀਤ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਰਮਜੀਤ ਸਿੰਘ ਬੱਗੇ ਵੱਲੋਂ ਅਲਗੋਜੇ ਦੀਆਂ ਧੁਨਾਂ ਅਤੇ ਢੋਲੀ ਸੁਰਮੁੱਖ ਸਿੰਘ ਦੇ ਢੋਲ ਦੀ ਮਿੱਠੀ ਜਿਹੀ ਆਵਾਜ਼ ਨਾਲ ਹੋਈ। ਪ੍ਰੋਗਰਾਮ ਦੌਰਾਨ ਦਵਿੰਦਰ ਸਿੰਘ ਜੁਗਨੀ ਕੋਚ ਨੇ ਬੱਚਿਆਂ ਨੂੰ ਭੰਗੜੇ ਬਾਰੇ ਜਾਣਕਾਰੀ ਦਿੰਦਿਆਂ ਨਸ਼ਿਆਂ ਅਤੇ ਮੋਬਾਈਲ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਨੂੰ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਪ੍ਰੋਗਰਾਮ ਦੇ ਅਖੀਰ ਵਿੱਚ ਮੁੱਖ ਮਹਿਮਾਨ ਏ.ਆਈ.ਜੀ. ਰਿਟਾਇਰ ਡਾ. ਰਾਜਿੰਦਰ ਸਿੰਘ ਸੋਹਲ ਵੱਲੋਂ ਆਏ ਹੋਏ ਭੰਗੜਾ ਕਾਲਾਕਾਰਾਂ ਅਤੇ ਬੱਚਿਆ ਨੂੰ ਬੂਟੇ ਵੰਡੇ ਗਏ ਅਤੇ ਬੱਚਿਆਂ ਨੂੰ ਵਾਤਾਵਰਣ ਸ਼ੁੱਧ ਰੱਖਣ ਲਈ ਪ੍ਰੇਰਿਆ।ਪ੍ਰੋਗਰਾਮ ਦੇ ਅਖੀਰ ਵਿੱਚ ਆਏ ਹੋਏ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।ਅਖੀਰ ਵਿੱਚ ਅਸਮੀਤ ਸਿੰਘ ਨੇ ਮਿਲਕਫ਼ੈਡ ਪੰਜਾਬ ਅਤੇ ਜੰਗਲਾਤ ਮਹਿਕਮੇ ਦੇ ਵੱਡਮੁੱਲੇ ਯੋਗਦਾਨ ਅਤੇ ਆਏ ਹੋਏ ਸਾਰੇ ਕਲਾਕਾਰਾਂ ਅਤੇ ਬੱਚਿਆ ਦਾ ਧੰਨਵਾਦ ਕੀਤਾ।

ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਮਸ਼ਹੂਰ ਅਲਗੋਜ਼ੇ ਵਾਦਕ ਕਰਮਜੀਤ ਸਿੰਘ ਬੱਗਾ ਵੱਲੋ ਨਿਭਾਈ ਗਈ।

Written By
The Punjab Wire